ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਤੁਰਕੀ ਖ਼ਿਲਾਫ਼ ਪਾਬੰਦੀਆਂ ਵਾਲੇ 738 ਅਰਬ ਡਾਲਰ (ਕਰੀਬ 52 ਲੱਖ ਕਰੋੜ ਰੁਪਏ) ਦੇ ਰੱਖਿਆ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰੀ ਰੱਖਿਆ ਅਥਾਰਟੀ ਕਾਨੂੰਨ (ਐੱਨਡੀਏ) 2020 ਨੂੰ ਮਨਜ਼ੂਰੀ ਦੇਣ ਦੇ ਨਾਲ ਹੀ ਅਮਰੀਕੀ ਫ਼ੌਜੀ ਖ਼ਰਚ ਵਿਚ ਲਗਪਗ 20 ਅਰਬ ਡਾਲਰ (ਡੇਢ ਲੱਖ ਕਰੋੜ ਰੁਪਏ) ਦੇ ਵਾਧੇ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਬਿੱਲ ‘ਤੇ ਸ਼ੁੱਕਰਵਾਰ ਰਾਤ ਵਾਸ਼ਿੰਗਟਨ ਨੇੜੇ ਜਾਇੰਟ ਬੇਸ ਐਂਡਰਿਊਜ਼ ਵਿਖੇ ਦਸਤਖ਼ਤ ਕੀਤੇ ਗਏ।
ਬਿੱਲ ‘ਚ ਕਿਹਾ ਗਿਆ ਹੈ ਕਿ ਐੱਨਡੀਏ ਰੂਸੀ ਊਰਜਾ ਪਾਈਪਲਾਈਨਾਂ ਵਾਲੇ ਪ੍ਰਾਜੈਕਟ ਨਾਰਡ ਸਟ੍ਰੀਮ-2 ਅਤੇ ਤੁਰਕ ਸਟ੍ਰੀਮ ‘ਤੇ ਪਾਬੰਦੀ ਲਗਾ ਕੇ ਯੂਰਪੀ ਊਰਜਾ ਦੀਆਂ ਲੋੜਾਂ ਦੀ ਰੱਖਿਆ ਕਰੇਗਾ। ਬਿੱਲ ਵਿਚ ਤੁਰਕੀ ਵੱਲੋਂ ਰੂਸ ਦੇ ਏਅਰ ਡਿਫੈਂਸ ਸਿਸਟਮ ਐੱਸ-400 ਨੂੰ ਹਾਸਿਲ ਕਰਨ ਖ਼ਿਲਾਫ਼ ਉਸ ਨੂੰ ਅਮਰੀਕੀ ਅਗਵਾਈ ਵਾਲੇ ਐੱਫ-35 ਲੜਾਕੂ ਜੈੱਟ ਪ੍ਰੋਗਰਾਮ ਤੋਂ ਬਾਹਰ ਰੱਖਣ ਦੇ ਫ਼ੈਸਲੇ ਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੇਵਰੋਵ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਵਿਚ ਕਿਹਾ ਸੀ ਕਿ ਨਾ ਤਾਂ ਨਾਰਡ ਸਟ੍ਰੀਮ 2 ਅਤੇ ਨਾ ਹੀ ਤੁਰਕ ਸਟ੍ਰੀਮ ਪ੍ਰਾਜੈਕਟ ਨੂੰ ਬੰਦ ਕੀਤਾ ਜਾਏਗਾ। ਦਰਅਸਲ, ਐੱਨਡੀਏਏ ਵਿਵੇਕ ਅਧੀਨ ਫੰਡ ਤਹਿਤ ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਲਈ ਲਗਪਗ 635 ਅਰਬ ਡਾਲਰ (45 ਲੱਖ ਕਰੋੜ ਰੁਪਏ) ਦੇ ਬਜਟ ਦੀ ਵਿਵਸਥਾ ਕਰਦਾ ਹੈ। ਏਨਾ ਹੀ ਨਹੀਂ ਇਸ ਵਿਚ 3.1 ਫ਼ੀਸਦੀ ਵੇਤਨ ਵਾਧਾ ਵੀ ਸ਼ਾਮਲ ਹੈ ਜੋ ਇਕ ਦਹਾਕੇ ਵਿਚ ਸਭ ਤੋਂ ਜ਼ਿਆਦਾ ਹੈ। ਬਿੱਲ ਵਿਚ ਸਪੇਸ ਫੋਰਸ (ਪੁਲਾੜ ਸੈਨਾ) ਦੀ ਸਥਾਪਨਾ ਵੀ ਸ਼ਾਮਲ ਹੈ।
ਰੂਸ ਅਤੇ ਜਰਮਨੀ ਪ੍ਰਾਜੈਕਟ ਪੂਰਾ ਕਰਨ ਲਈ ਵਚਨਬੱਧ
ਰੂਸ ਅਤੇ ਤੁਰਕੀ ਖ਼ਿਲਾਫ਼ ਪਾਬੰਦੀਆਂ ਲਗਾਏ ਜਾਣ ਵਾਲੇ ਬਿੱਲ ਨੂੰ ਮਨਜ਼ੂਰੀ ਦੇਣ ਪਿੱਛੋਂ ਸ਼ੁੱਕਰਵਾਰ ਨੂੰ ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਾਸ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਫੋਨ ‘ਤੇ ਗੱਲ ਕੀਤੀ ਅਤੇ ਇਸ ਮੁੱਦੇ ‘ਤੇ ਚਰਚਾ ਕੀਤੀ। ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਾਗਸ ਨੇ ਕਿਹਾ ਕਿ ਪੋਂਪੀਓ ਨੇ ਦੋਵਾਂ ਪ੍ਰਾਜੈਕਟਾਂ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਹਾਲਾਂਕਿ ਇਸ ਦੇ ਬਾਵਜੂਦ ਰੂਸ ਅਤੇ ਜਰਮਨੀ ਨੇ ਨਾਰਡ ਸਟ੍ਰੀਮ 2 ਪ੍ਰਾਜੈਕਟ ਨੂੰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਜਰਮਨ-ਰੂਸੀ ਚੈਂਬਰ ਆਫ ਕਾਮਰਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਊਰਜਾ ਸੁਰੱਖਿਆ ਲਈ ਦੋਵੇਂ ਹੀ ਪ੍ਰਰਾਜੈਕਟ ਮਹੱਤਵਪੂਰਣ ਹਨ ਅਤੇ ਜੇਕਰ ਬਿੱਲ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਮਰੀਕਾ ਖ਼ਿਲਾਫ਼ ਜਵਾਬੀ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਅਮਰੀਕਾ ਬਣਾਏਗਾ ਆਪਣੀ ਪੁਲਾੜ ਸੈਨਾ
ਰੂਸ ਅਤੇ ਚੀਨ ਤੋਂ 21ਵੀਂ ਸਦੀ ਵਿਚ ਮਿਲਣ ਵਾਲੀ ਰਣਨੀਤਕ ਚੁਣੌਤੀ ਨਾਲ ਨਿਪਟਣ ਲਈ ਅਮਰੀਕਾ ਨੇ ਰੱਖਿਆ ਵਿਭਾਗ ਤਹਿਤ ਇਕ ਪੁਲਾੜ ਸੈਨਾ ਦੇ ਨਿਰਮਾਣ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਹ ਸੈਨਾ ਦੀਆਂ ਪੰਜ ਹੋਰ ਬਰਾਂਚਾਂ ਦੀ ਤਰ੍ਹਾਂ ਕੰਮ ਕਰੇਗਾ। ਰਾਸ਼ਟਰੀ ਰੱਖਿਆ ਅਥਾਰਟੀ ਕਾਨੂੰਨ (ਐੱਨਡੀਏ) 2020 ‘ਤੇ ਦਸਤਖ਼ਤ ਦੌਰਾਨ ਟਰੰਪ ਨੇ ਉੱਥੇ ਮੌਜੂਦ ਫ਼ੌਜੀ ਅਫਸਰਾਂ ਨੂੰ ਕਿਹਾ ਸੀ ਕਿ ਭਵਿੱਖ ਵਿਚ ਪੁਲਾੜ ਨਵਾਂ ਯੁੱਧ ਖੇਤਰ ਬਣੇਗਾ ਅਤੇ ਇਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ।