ਭੱਦਰਵਾਹ/ਜੰੰਮੂ (ਸਮਾਜਵੀਕਲੀ) : ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਕਾਰ 350 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇੱਕ ਔਰਤ ਤੇ ਉਸਦੇ ਤਿੰਨ ਛੋਟੇ ਬੱਚਿਆਂ ਸਮੇਤ ਪੰਜ ਜਣੇ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਸਵਾਰ ਜ਼ਿਲ੍ਹਾ ਰਾਮਬਨ ਦੇ ਗੂਲ ਇਲਾਕੇ ਤੋਂ ਡੋਡਾ ਦੇ ਥੱਥਰੀ ਕਸਬੇ ’ਚ ਜਾ ਰਹੇ ਸਨ। ਇਹ ਹਾਦਸਾ ਸਵੇਰੇ 10 ਵਜੇ ਰੱਗੀ ਨਾਲੇ ਨੇੜੇ ਵਾਪਰਿਆ।
ਅੱਸਾਰ ਦੇ ਐੱਸਐੱਚਓ ਮੁਸ਼ਤਾਕ ਅਹਿਮਦ ਨੇ ਦੱਸਿਆ ਕਿ ਪੁਲੀਸ ਟੀਮ ਤੁਰੰਤ ਘਟਨਾ ਵਾਲੀ ਥਾਂ ਪੁੱਜੀ ਤੇ ਬਚਾਅ ਕਾਰਜ ਸ਼ੁਰੂ ਕੀਤਾ ਪਰ ਡਰਾਈਵਰ ਸਮੇਤ ਪੰਜੇ ਜਣਿਆਂ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਤਸਲੀਮਾ ਬੇਗ਼ਮ (35), ਉਸਦੇ ਤਿੰਨ ਛੋਟੇ ਬੱਚਿਆਂ ਤੇ ਡਰਾਈਵਰ ਦੀ ਪਛਾਣ ਮੁਹੰਮਦ ਆਸਿਫ (32) ਵਜੋਂ ਹੋਈ ਹੈ।