ਚੰਡੀਗੜ੍ਹ (ਸਮਾਜ ਵੀਕਲੀ): ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ’ਚ ਜਬਰ-ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ 21 ਦਿਨਾਂ ਦੀ ਫਰਲੋ ’ਤੇ ਛੱਡ ਦਿੱਤਾ ਗਿਆ। ਉਹ ਅੱਜ ਬਾਅਦ ਦੁਪਹਿਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੁਨਾਰੀਆ ਜੇਲ੍ਹ ਵਿੱਚੋਂ ਰਿਹਾਅ ਹੋਇਆ ਅਤੇ ਸ਼ਾਮ ਸਮੇਂ ਗੁਰੂਗ੍ਰਾਮ ਸਥਿਤ ਡੇਰੇ ਵਿੱਚ ਪਹੁੰਚ ਗਿਆ। ਡੇਰਾ ਮੁਖੀ ਨੂੰ ਫਰਲੋ ਤੋਂ ਬਾਅਦ ਸ਼ਰਧਾਲੂਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਮਠਿਆਈਆਂ ਵੰਡੀਆਂ। ਡੇਰਾ ਮੁਖੀ ਨੇ ਪਹਿਲਾਂ ਵੀ ਛੇ ਵਾਰ ਪੈਰੋਲ ਲਈ ਹਰਿਆਣਾ ਜੇਲ੍ਹ ਪ੍ਰਸ਼ਾਸਨ ਨੂੰ ਦਰਖਾਸਤ ਕੀਤੀ ਸੀ ਪਰ ਹਰ ਵਾਰ ਅਰਜ਼ੀ ਨਾਮਨਜ਼ੂਰ ਹੋ ਗਈ ਸੀ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਗਈ ਹੈ। ਇਨ੍ਹਾਂ 21 ਦਿਨਾਂ ਦੌਰਾਨ ਉਹ ਆਪਣੇ ਸਿਰਸਾ ਸਥਿਤ ਡੇਰੇ ’ਤੇ ਨਹੀਂ ਜਾ ਸਕਦਾ ਹੈ। ਉਹ 7 ਤੋਂ 28 ਫਰਵਰੀ ਤੱਕ ਪੁਲੀਸ ਦੀ ਦੇਖ-ਰੇਖ ਹੇਠ ਗੁਰੂਗ੍ਰਾਮ ਸਥਿਤ ਡੇਰੇ ’ਤੇ ਹੀ ਰਹਿਣਗੇ। ਪੁਲੀਸ ਨੇ ਗੁਰੂਗ੍ਰਾਮ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਡੇਰਾ ਮੁਖੀ ਨੂੰ ਆਪਣੀ ਬਿਮਾਰ ਮਾਂ ਨਾਲ ਮੁਲਾਕਾਤ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਸਿਹਤ ਠੀਕ ਨਾ ਹੋਣ ਕਰਕੇ ਡੇਰਾ ਮੁਖੀ ਨੂੰ ਕਈ ਵਾਰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ। ਡੇਰੀ ਮੁਖੀ ਨੂੰ ਜਬਰ-ਜਨਾਹ ਦੇ ਮਾਮਲੇ ਵਿੱਚ 25 ਅਗਸਤ, 2017 ਨੂੰ ਪੰਚਕੂਲਾ ਵਿਖੇ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ 27 ਅਗਸਤ, 2017 ਨੂੰ ਉਸ ਨੂੰ ਸਜ਼ਾ ਸੁਣਾਈ ਸੀ ਜਿਸ ਮਗਰੋਂ ਉਸ ਨੂੰ ਸੁਨਾਰੀਆ ਜੇਲ੍ਹ ’ਚ ਰੱਖਿਆ ਗਿਆ ਸੀ।
ਡੇਰਾ ਮੁਖੀ ਦੀ ਰਿਹਾਈ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਪੰਜਾਬ ਜਾਂ ਹੋਰਨਾਂ ਸੂਬਿਆਂ ਦੀ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਰੁਟੀਨ ਦੀ ਕਾਰਵਾਈ ਤਹਿਤ ਉਸ ਨੂੰ ਫਰਲੋ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤਹਿਤ ਕੋਈ ਵੀ ਦੋਸ਼ੀ ਤਿੰਨ ਸਾਲ ਦੀ ਸਜ਼ਾ ਤੋਂ ਬਾਅਦ ਫਰਲੋ ਦੀ ਮੰਗ ਕਰ ਸਕਦਾ ਹੈ ਅਤੇ ਇਸੇ ਪ੍ਰਕਿਰਿਆ ਤਹਿਤ ਡੇਰਾ ਮੁਖੀ ਦੀ ਫਰਲੋ ਮਨਜ਼ੂਰ ਕੀਤੀ ਗਈ ਹੈ। ਸ੍ਰੀ ਖੱਟਰ ਨੇ ਕਿਹਾ ਕਿ ਪਹਿਲਾਂ ਵੀ ਡੇਰਾ ਮੁਖੀ ਨੂੰ ਬਿਮਾਰ ਮਾਂ ਨਾਲ ਮੁਲਾਕਾਤ ਕਰਨ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਸਿਹਤ ਠੀਕ ਨਾ ਹੋਣ ਕਰਕੇ ਉਸ ਨੂੰ ਕਈ ਵਾਰ ਹਸਪਤਾਲ ਇਲਾਜ ਲਿਜਾਇਆ ਗਿਆ ਸੀ।
ਪੰਜਾਬ ’ਚ ਸਿਆਸਤ ਗਰਮਾਈ
ਡੇਰਾ ਮੁਖੀ ਨੂੰ ਪੰਜਾਬ ਅਤੇ ਯੂਪੀ ਸਣੇ 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਫਰਲੋ ਦਿੱਤੇ ਜਾਣ ’ਤੇ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਚਰਚਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੀ ਡੇਰਾ ਮੁਖੀ ਨੂੰ ਫਰਲੋ ’ਤੇ ਛੱਡਿਆ ਗਿਆ ਹੈ। ਡੇਰਾ ਮੁਖੀ ਦੀ ਜੇਲ੍ਹ ’ਚੋਂ 21 ਦਿਨ ਦੀ ਰਿਹਾਈ ਮਗਰੋਂ ਸਾਰੀਆਂ ਪਾਰਟੀਆਂ ਦੇ ਸਮੀਕਰਨ ਹਿਲ ਗਏ ਹਨ। ਡੇਰਾ ਸਿਰਸਾ ਦਾ ਮਾਲਵਾ ਖੇਤਰ ਦੇ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ ਆਦਿ ਜ਼ਿਲ੍ਹਿਆਂ ਵਿੱਚ ਜ਼ਿਆਦਾ ਆਧਾਰ ਹੈ ਅਤੇ ਸੂਬੇ ਦੀਆਂ ਸਭ ਤੋਂ ਜ਼ਿਆਦਾ 69 ਸੀਟਾਂ ਵੀ ਮਾਲਵਾ ਖ਼ਿੱਤੇ ’ਚ ਪੈਂਦੀਆਂ ਹਨ। ਡੇਰੇ ਦਾ 50 ਤੋਂ ਵੱਧ ਸੀਟਾਂ ’ਤੇ ਅਸਰ ਮੰਨਿਆ ਜਾ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly