ਬਠਿੰਡਾ- ਸਥਾਨਕ ਸ਼ਹਿਰ ਦੀਆਂ ਚੋਣਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਮੀਟਿੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੱਚ ਸਾਹਮਣੇ ਲਿਆਉਣ ਲਈ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਵਾਲੇ ਪੰਜ ਤਖ਼ਤਾਂ ਦੇ ਤਤਕਾਲੀ ਜਥੇਦਾਰਾਂ ਨੂੰ ਸੰਮਨ ਜਾਰੀ ਕਰ ਕੇ ਪੁੱਛ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇ। ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਮੁਆਫੀ ਦੇਣ ਵਾਲੇ ਜਥੇਦਾਰਾਂ ਵੱਲੋਂ ਹੀ ਮੁਆਫੀ ਦੇਣ ਵਾਲਾ ਹੁਕਮਨਾਮਾ ਵਾਪਸ ਲੈਣ ਮਗਰੋਂ ਡੇਰਾ ਮੁਖੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਹਿ ਰਿਹਾ ਸੀ, “ਮੇਰੇ ਪਾਸ ਏਕ ਸ਼ਖ਼ਸ ਚਿੱਠੀ ਲੇਕਰ ਆਏ ਔਰ ਬੋਲੇ ਕੇ ਇਸ ਪਰ ਦਸਤਖ਼ਤ ਕਰ ਦੋ, ਮਾਮਲਾ ਰਫਾ ਦਫਾ ਹੋ ਜਾਏਗਾ।” ਉਨ੍ਹਾਂ ਕਿਹਾ ਕਿ ਹੁਣ ਡੇਰਾ ਮੁਖੀ ਨੂੰ ਵੀ ਸੰਮਨ ਜਾਰੀ ਕਰਕੇ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਪਾਸ ਉਹ ਚਿੱਠੀ ਕੌਣ ਲੈ ਕੇ ਆਇਆ ਸੀ, ਜਿਸ ਉਪਰ ਉਨ੍ਹਾਂ ਨੇ ਦਸਤਖ਼ਤ ਕੀਤੇ ਸਨ।
ਦੂਜੇ ਪਾਸੇ ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਵਾਪਸ ਲੈਣ ਵਾਲੇ ਜਥੇਦਾਰਾਂ ਵਿੱਚ ਸ਼ਾਮਲ ਗਿਆਨੀ ਗੁਰਮੁਖ ਸਿੰਘ ਨੇ ਮੀਡੀਆ ਨੂੰ ਸੰਬੋਧਨ ਹੁੰਦੇ ਕਿਹਾ ਸੀ, “ਪੰਜ ਜਥੇਦਾਰਾਂ ਨੂੰ ਮੁੱਖ ਮੰਤਰੀ ਬਾਦਲ ਦੀ ਕੋਠੀ ਚੰਡੀਗੜ੍ਹ ਵਿਚ ਬੁਲਾਇਆ ਗਿਆ ਸੀ ਅਤੇ ਇੱਕ ਹਿੰਦੀ ਵਿੱਚ ਲਿਖੀ ਚਿੱਠੀ ਦੇ ਕੇ ਹੁਕਮ ਕੀਤਾ ਗਿਆ ਸੀ ਕਿ ਇਸ ਚਿੱਠੀ ਦੇ ਆਧਾਰ ’ਤੇ ਡੇਰਾ ਮੁਖੀ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਜਲਦੀ ਵਾਪਸ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ’ਤੇ ਜੋ ਚਿੱਠੀ ਪੇਸ਼ ਕੀਤੀ ਗਈ, ਉਹ ਪੰਜਾਬੀ ਵਿੱਚ ਸੀ।” ਇਸ ਲਈ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਸੰਮਨ ਜਾਰੀ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ।
INDIA ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਤਲਬ ਕਰਨ ਦੀ ਮੰਗ