ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਦੌਰਾਨ ਪੰਥਕ ਮੁੱਦਿਆਂ ਨੂੰ ਗੰਭੀਰਤਾ ਨਾਲ ਉਭਾਰ ਕੇ ਜਿਥੇ ਪੰਥਕ ਸਫਾਂ ’ਚ ਗੁਆਚਿਆ ਆਧਾਰ ਮੁੜ ਹਾਸਲ ਕਰਨ ਦੇ ਯਤਨਾਂ ਵਿੱਚ ਹਨ, ਉਥੇ ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵਿਰੁੱਧ ਹੋਏ ਅਦਾਲਤੀ ਕੇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸੁਖਬੀਰ ਬਾਦਲ ਨੇ ਅੱਜ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਸ਼ਾਹਕੋਟ ਅਤੇ ਆਦਮਪੁਰ ਵਿਚ ਚੋਣ ਰੈਲੀਆਂ ਕੀਤੀਆਂ ਤੇ ਸੁਲਤਾਨਪੁਰ ਲੋਧੀ ਵਿੱਚ ਉਨ੍ਹਾਂ ਨੇ ਬੀਬੀ ਜਗੀਰ ਕੌਰ ਦੇ ਹੱਕ ਵਿਚ ਚੋਣ ਰੈਲੀ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕਿਹਾ ਕਿ ਡੇਰਾ ਸਿਰਸਾ ਮੁਖੀ ਦੇ ਕੇਸ ਬਾਰੇ ਉਨ੍ਹਾਂ ਨੂੰ ਕੋਈ ਵਿਸਥਾਰ ਪੂਰਬਕ ਜਾਣਕਾਰੀ ਨਹੀਂ ਹੈ। ਪੁਲੀਸ ਵੱਲੋਂ ਡੇਰਾ ਮੁਖੀ ਵਿਰੁੱਧ 2014 ਤੱਕ ਚਲਾਨ ਪੇਸ਼ ਨਾ ਕਰਨ ਕਰਕੇ ਉਹ ਜ਼ਮਾਨਤ ਲੈਣ ਵਿਚ ਸਫਲ ਹੋ ਗਏ ਸਨ।
ਸੁਖਬੀਰ ਬਾਦਲ ਨੇ ਵੱਖ-ਵੱਖ ਰੈਲੀਆਂ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਕਿਸੇ ਵੀ ਹਾਲਤ ਵਿਚ ਵੋਟ ਨਾ ਦਿੱਤੀ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਪਹਿਲਾਂ ਇਸ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਹਨ, ਅੱਜ ਉਹ ਅਗਵਾਈ ਕਰ ਰਹੇ ਹਨ ਤੇ ਕੱਲ੍ਹ ਨੂੰ ਇਸ ਦੀ ਅਗਵਾਈ ਕੋਈ ਹੋਰ ਵੀ ਕਰ ਸਕਦਾ ਹੈ। ਪਾਰਟੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਕੀਤੀਆਂ ਅਤੇ ਨਾਲ ਹੀ ਕਿਹਾ ਕਿ ਜੇਕਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਮਨਹੂਸ ਦਿਨ ਹੋਵੇਗਾ।
INDIA ਡੇਰਾ ਮੁਖੀ ਦੇ ਕੇਸ ਬਾਰੇ ਬਹੁਤੀ ਜਾਣਕਾਰੀ ਨਹੀਂ: ਸੁਖਬੀਰ