ਡੇਰਾ ਬਿਆਸ ਨੇ ਵੱਖ-ਵੱਖ ਸਰਕਾਰਾਂ ਨੂੰ ਸਹਾਇਤਾ ਵਜੋਂ ਜਾਰੀ ਕੀਤੇ 8 ਕਰੋੜ ਰੁਪਏ।

ਬਿਆਸ (ਨੀਰਜ ਵਰਮਾ)- ਦੇਸ਼ ‘ਚ ਕੋਰੋਨਾ ਵਾਇਰਸ ਦਾ ਜ਼ੋਰ ਚੱਲ ਰਿਹਾ ਹੈ ਅਤੇ ਕੇਂਦਰ ਤੇ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਦੇਸ਼ਵਾਸੀਆਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਦੇਸ਼ ਭਰ ‘ਚ ਲਾਕਡਾਊਨ ਦੇ ਨਾਲ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਅਹਿਤਿਆਤੀ ਪ੍ਰਬੰਧਾਂ ਤੋਂ ਇਲਾਵਾ ਕਈ ਧਾਰਮਿਕ ਸੰਸਥਾਵਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੌਰਾਨ ਰਾਧਾ ਸੁਆਮੀ ਸਤਿਸੰਗ ਬਿਆਸ ਸੰਸਥਾ ਸਰਕਾਰ ਦੀ ਹਮਾਇਤ ‘ਚ ਉਨ੍ਹਾਂ ਦਾ ਸਹਿਯੋਗ ਕਰਦਿਆਂ ਹਰ ਪੱਖੋਂ ਅੱਗੇ ਚੱਲ ਰਹੀ ਹੈ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਪਹਿਲਾਂ ਦੇਸ਼ ਤੇ ਵਿਦੇਸ਼ ‘ਚ ਆਪਣੇ ਸਤਿਸੰਗ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਡੇਰਾ ਬਿਆਸ ਵਿਚਲੇ ਸਤਿਸੰਗ ਨੂੰ ਵੀ ਮਨਸੂਖ ਕਰ ਦਿੱਤਾ ਗਿਆ ਸੀ, ਅਜਿਹਾ ਬਾਬਾ ਜੀ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਦੇਖਦਿਆਂ ਅਤੇ ਸਰਕਾਰ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ। ਡੇਰਾ ਬਿਆਸ ਵੱਲੋਂ ਮਾਨਵਤਾ ਦੀ ਭਲਾਈ ਲਈ ਪਹਿਲਾਂ ਵੀ ਕਈ ਅਹਿਮ ਭੁਮਿਕਾਵਾਂ ਨਿਭਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਤਹਿਤ ਬਾਬਾ ਜੀ ਵੱਲੋਂ ਹੁਣ ਤੱਕ 8 ਕਰੋੜ ਰੁਪਏ ਵੱਖ-ਵੱਖ ਰਾਜਾਂ ਅਤੇ ਕੇਂਦਰ ਸਰਕਾਰ ਨੂੰ ਸਹਾਇਤਾ ਵਜੋਂ ਦਿੱਤੇ ਗਏ ਹਨ, ਜਿਸ ਅਨੁਸਾਰ ਪ੍ਰਧਾਨ ਮੰਤਰੀ ਰਾਹਤ ਫੰਡ ਲਈ 2 ਕਰੋੜ, ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ ਦੇ ਮੁੱਖ ਮੰਤਰੀਆਂ ਅਤੇ ਰਾਜਪਾਲ ਜੰਮੂ-ਕਸ਼ਮੀਰ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਚੈੱਕ ਰਾਹੀਂ ਦਿੱਤੀ ਜਾ ਚੁੱਕੀ ਹੈ, ਜੋ ਕਿ ਰਾਜ ਸਰਕਾਰਾਂ ਲਈ ਰਾਹਤ ਫੰਡ ‘ਚ ਇਕ ਅਹਿਮ ਯੋਗਦਾਨ ਸਮਝਿਆ ਜਾ ਰਿਹਾ ਹੈ।

ਡੇਰਾ ਬਿਆਸ ਵੱਲੋਂ ਪੈਕ ਲੰਚ ਸਿਸਟਮ ਸ਼ੁਰੂ

ਇਸੇ ਤਰ੍ਹਾਂ ਵੱਖ-ਵੱਖ ਰਾਜਾਂ ‘ਚ ਲੱਗੇ ਕਰਫਿਊ ਦੌਰਾਨ ਗਰੀਬਾਂ ਅਤੇ ਬੇਰੋਜ਼ਗਾਰਾਂ ਦੇ ਨਾਲ-ਨਾਲ ਹੋਰ ਲੋੜਵੰਦਾਂ ਦੇ ਖਾਣੇ ਦੇ ਪ੍ਰਬੰਧ ਵਜੋਂ ਡੇਰਾ ਬਿਆਸ ਵੱਲੋਂ ਪੈਕ ਲੰਚ ਸਿਸਟਮ ਸ਼ੁਰੂ ਕੀਤਾ ਗਿਆ ਹੈ, ਹਰੇਕ ਪੈਕ ਲੰਚ ‘ਚ 4 ਪੂੜੀਆਂ, ਛੋਲਿਆਂ ਦੀ ਸਬਜ਼ੀ ਤੇ ਅਚਾਰ ਸ਼ਾਮਲ ਹੈ। ਡੇਰਾ ਬਿਆਸ ਨਜ਼ਦੀਕ ਕਰੀਬ 50 ਪਿੰਡਾਂ ‘ਚ ਰੋਜ਼ਾਨਾ 28 ਤੋਂ 30 ਹਜ਼ਾਰ ਦੀ ਗਿਣਤੀ ‘ਚ ਪੈਕੇਟ ਤਕਸੀਮ ਕੀਤੇ ਜਾ ਰਹੇ ਹਨ, ਜਦਕਿ ਡਿਪਟੀ ਕਮਿਸ਼ਨਰ ਤਰਨਤਾਰਨ ਦੀ ਮੰਗ ‘ਤੇ ਜ਼ਿਲਾ ਤਰਨਤਾਰਨ ‘ਚ 20 ਹਜ਼ਾਰ ਪੈਕੇਟ, ਤਹਿਸੀਲ ਅਜਨਾਲਾ ‘ਚ 5 ਹਜ਼ਾਰ ਤੇ ਤਹਿਸੀਲ ਮਜੀਠਾ ‘ਚ 7 ਪਜ਼ਾਰ ਪੈਕੇਟ ਦੀ ਮੰਗ ਹੋ ਰਹੀ ਹੈ।

ਸੂਬੇ ਦੇ ਦੂਜੇ ਸੈਂਟਰਾਂ ‘ਚ ਵੀ ਵੰਡ ਸ਼ੁਰੂ

ਜਾਣਕਾਰੀ ਅਨੁਸਾਰ ਡੇਰਾ ਬਿਆਸ ਵੱਲੋਂ ਪੰਜਾਬ ਦੀਆਂ 11 ਥਾਵਾਂ ਜਿਨ੍ਹਾਂ ‘ਚ ਜਲੰਧਰ, ਪਠਾਨਕੋਟ, ਬਲਾਚੌਰ, ਮੋਹਾਲੀ, ਪਟਿਆਲਾ, ਮੋਗਾ, ਫਿਰੋਜ਼ਪੁਰ, ਮਲੋਟ, ਲੁਧਿਆਣਾ, ਖੰਨਾ ਆਦਿ ‘ਚ ਵੀ ਪੈਕ ਲੰਚ ਦੀ ਵੰਡ ਸ਼ੁਰੂ ਕਰਵਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ‘ਚ ਜੰਮੂ, ਕਠੂਆ ਅਤੇ ਬੋਟਾ ਸ਼ਾਮਲ ਹਨ। ਹਰਿਆਣੇ ‘ਚ ਪੰਚਕੂਲਾ, ਸਿਕੰਦਰਪੁਰ ਤੇ ਜਗਾਦਰੀ ਸ਼ਾਮਲ ਹਨ। ਰਾਜਸਥਾਨ ‘ਚ ਸੂਰਤਗੜ੍ਹ ਤੇ ਜੈਪੁਰ, ਦਿੱਲੀ ‘ਚ ਭਾਤੀ ਮੀਨਜ਼, ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਹਿਮਾਚਲ ਪ੍ਰਦੇਸ਼ ‘ਚ ਕੋਹਲਾ ਨਦਾਨ ਆਦਿ ਕੇਂਦਰਾਂ ‘ਚ ਵੀ ਪੈਕ ਲੰਚ ਦੀ ਵੰਡ ਸ਼ੁਰੂ ਕਰਵਾਈ ਜਾ ਚੁੱਕੀ ਹੈ।

ਮੈਡੀਕਲ ਸਹੂਲਤਾਂ

ਇਸ ਤੋਂ ਇਲਾਵਾ ਸਿਹਤ ਸੇਵਾਵਾਂ ‘ਚ ਆਪਣਾ ਯੋਗਦਾਨ ਪਾਉਂਦਿਆਂ ਡੇਰਾ ਬਿਆਸ ਨੇ ਦੇਸ਼ ‘ਚ ਆਪਣੇ ਸਤਿਸੰਗ ਘਰਾਂ ਨੂੰ ਆਈਸੋਲੇਸ਼ਨ ਵਾਰਡਾਂ ਵਜੋਂ ਵਰਤਣ ਦੀ ਵੀ ਆਗਿਆ ਸੂਬਾ ਸਰਕਾਰਾਂ ਨੂੰ ਦੇ ਦਿੱਤੀ ਹੈ, ਜਿਸ ਤਹਿਤ ਜੰਮੂ ਨਜ਼ਦੀਕ ਸਤਿਸੰਗ ਸੈਂਟਰ ਨਜਵਾਲ ਨੂੰ ਸਿਵਲ ਐਡਮਨਿਸਟ੍ਰੇਸ਼ਨ ਦੇ ਹਵਾਲੇ ਕੀਤਾ ਗਿਆ ਹੈ, ਜਿਥੇ 513 ਵਿਅਕਤੀਆਂ ਨੂੰ ਆਈਸੋਲੇਟ ਕਰਨ ਲਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਡੇਰੇ ਦੇ ਆਪਣੇ ਹਸਪਤਾਲ ਸਿਕੰਦਰਪੁਰ (ਹਰਿਆਣਾ), ਭੋਟਾ (ਹਿਮਾਚਲ ਪ੍ਰਦੇਸ਼) ਅਤੇ ਮਹਾਰਾਜ ਸਾਵਨ ਸਿੰਘ ਚੈਰੀਟੇਬਲ ਹਸਪਤਾਲ ਬਿਆਸ (ਪੰਜਾਬ) ਨੂੰ ਵੀ ਮਰੀਜ਼ਾਂ ਦੇ ਲਈ ਮੁਫਤ ਮੈਡੀਕਲ ਸੇਵਾਵਾਂ ਲਈ ਦਿੱਤਾ ਗਿਆ ਹੈ। ਡੇਰਾ ਬਿਆਸ ਵੱਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੀ ਹਰ ਵਰਗ ਅਤੇ ਧਰਮ ਵੱਲੋਂ ਚਾਰ-ਚੁਫੇਰਿਓ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਦੀ ਵੀ ਇਸ ਧਰਮ ਪ੍ਰਤੀ ਨਿਮਰਤਾ ਅਤੇ ਦਿਆਲਤਾ ਨੂੰ ਦੇਖਦਿਆਂ ਆਸਥਾ ਵਧਣ ਲੱਗੀ ਹੈ।

Previous articleSelf Isolation: time at last to write that novel or screen play… but, where to start?
Next articleਕਰੋਨਾ ਵਾਇਰਸ ਅਤੇ ਦੇਸ਼ ਦੀ ਬੁਨਿਆਦੀ ਸਿਹਤ ਢਾਂਚੇ ‘ਤੇ ਇਕ ਝਾਤ