ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਿਹਬ ਦੇ ਸਰੂਪ ਦੀ ਬੇਅਦਬੀ ਕੇਸ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ’ਚ ਕਤਲ ਨਾਲ ਪੰਜਾਬ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ। ਡੇਰਾ ਸਿਰਸਾ ਦੀ 45 ਮੈਂਬਰੀ ਕਾਰਜਕਾਰੀ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਉਦੋਂ ਤਕ ਸਸਕਾਰ ਨਹੀਂ ਹੋਵੇਗਾ, ਜਦੋਂ ਤੱਕ ਪੰਜਾਬ ਸਰਕਾਰ ਸੂਬੇ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਬੇਅਦਬੀ ਦੀਆਂ ਘਟਨਾਵਾਂ ਲਈ ਦਰਜ ਸਾਰੇ ਕੇਸਾਂ ਨੂੰ ਰੱਦ ਨਹੀਂ ਕਰਦੀ। ਕਮੇਟੀ ਨੇ ਬਿੱਟੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਵਾਲੇ ‘ਅਸਲ ਗੁਨਾਹਗਾਰਾਂ’ ਨੂੰ ਸਲਾਖਾਂ ਪਿੱਛੇ ਡੱਕਣ ਦੀ ਵੀ ਮੰਗ ਕੀਤੀ ਹੈ। ਕਮੇਟੀ ਨੇ ਦਾਅਵਾ ਕੀਤਾ ਕਿ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਵਾਪਰੀ ਇਹ ਘਟਨਾ ਚਾਣਚੱਕ ਨਹੀਂ, ਬਲਕਿ ਇਹ ਗੰਭੀਰ ਸਾਿਜ਼ਸ਼ ਦਾ ਹਿੱਸਾ ਹੈ ਤੇ ਇਸ ਪਿੱਛੇ ਕਥਿਤ ‘ਵੱਡੇ ਲੋਕਾਂ’ ਦਾ ਹੱਥ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਸੌਰਭ, ਐੱਸਐੱਸਪੀ ਰਾਜਬਚਨ ਸਿੰਘ ਤੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਡੇਰਾ ਪ੍ਰੇਮੀਆਂ ਦੇ 45 ਮੈਂਬਰੀ ਦਲ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਹਿੰਦਰਪਾਲ ਬਿੱਟੂ ਦੇ ਸਸਕਾਰ ਬਾਰੇ ਮਨਾਉਣ ਦੀ ਕੋਸ਼ਿਸ਼ ਕੀਤੀ। ਡੇਰਾ ਪ੍ਰੇਮੀਆਂ ਦੇ ਹਾਲਾਂਕਿ ਆਪਣੀਆਂ ਮੰਗਾਂ ’ਤੇ ਬਜ਼ਿੱਦ ਰਹਿਣ ਕਰਕੇ ਮੀਟਿੰਗ ਬੇਸਿੱਟਾ ਰਹੀ।
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪਿਛਲੇ ਸਾਲ 13 ਜੂਨ ਨੂੰ ਪੰਜਾਬ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਕੁਝ ਸਮਾਂ ਮਾਡਰਨ ਜੇਲ੍ਹ ਫ਼ਰੀਦਕੋਟ ਵਿੱਚ ਰੱਖਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਉਸ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜੇਲ੍ਹ ਵਿੱਚ ਕਤਲ ਦੇ ਦੋਸ਼ ’ਚ ਬੰਦ ਦੋ ਕੈਦੀਆਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਬਿੱਟੂ ਦੀ ਹੱਤਿਆ ਕਰ ਦਿੱਤੀ।
ਬਿੱਟੂ ਦੇ ਪੁੱਤਰ ਅਰਵਿੰਦਰ ਇੰਸਾ ਨੇ ਦੱਸਿਆ ਕਿ ਉਹ ਕੱਲ੍ਹ ਦੁਪਹਿਰ ਵੇਲੇ ਪਰਿਵਾਰ ਸਮੇਤ ਪਿਤਾ ਨੂੰ ਮਿਲ ਕੇ ਆਇਆ ਸੀ। ਅਰਵਿੰਦਰ ਨੇ ਆਪਣੇ ਪਿਤਾ ਦੀ ਹੱਤਿਆ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਸੂਬੇ ਦੀਆਂ ਦੋ ਸਿਆਸੀ ਪਾਰਟੀਆਂ ਨੇ ਸਿਆਸੀ ਮੁਫ਼ਾਦਾਂ ਕਰਕੇ ਉਸ ਦੇ ਪਿਤਾ ਨੂੰ ਬੇਅਦਬੀ ਵਰਗੇ ਸੰਗੀਨ ਅਪਰਾਧ ਵਿਚ ਫਸਾਇਆ, ਜਦਕਿ ਉਨ੍ਹਾਂ (ਬਿੱਟੂ) ਨੇ ਅਜਿਹਾ ਕੋਈ ਜੁਰਮ ਨਹੀਂ ਕੀਤਾ ਸੀ। ਅਰਵਿੰਦਰ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਕਾਨੂੰਨ ’ਤੇ ਪੂਰਾ ਭਰੋਸਾ ਹੈ, ਪਰ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਹੀ ਉਹਦੇ ਪਿਤਾ ਦੀ ਹੱਤਿਆ ਕਰਵਾ ਦਿੱਤੀ ਗਈ। ਡੇਰੇ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਹਰਚੰਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਤਕ ਡੇਰਾ ਪ੍ਰੇਮੀਆਂ ਖਿਲਾਫ਼ ਦਰਜ ਬੇਅਦਬੀ ਦੇ ਕੇਸਾਂ ਨੂੰ ਰੱਦ ਤੇ ਅਸਲ ਗੁਨਾਹਗਾਰਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਮਹਿੰਦਰਪਾਲ ਬਿੱਟੂ ਦਾ ਸਸਕਾਰ ਨਹੀਂ ਹੋਵੇਗਾ। ਡੇਰਾ ਪੈਰੋਕਾਰ ਹਰਦੀਪ ਮੁਤਾਬਕ ਡੇਰਾ ਸਮਾਜ ਭਲਾਈ ਦੇ ਕੰਮ ਕਰਦਾ ਹੈ, ਪਰ ਉਸ ਉੱਤੇ ਸਿਆਸੀ ਰੋਟੀਆਂ ਸੇਕੀਆਂ ਗਈਆਂ।
ਇਸ ਤੋਂ ਪਹਿਲਾਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਪੀੜਤ ਪਰਿਵਾਰ ਤੇ ਡੇਰਾ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਮਨ ਤੇ ਕਾਨੂੰਨੀ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਡੇਰਾ ਪ੍ਰੇਮੀਆਂ ਤੋਂ ਦੂਰੀ ਬਣਾਈ ਰੱਖੀ। ਉਧਰ ਇਹਤਿਆਤ ਵਜੋਂ ਪ੍ਰਸ਼ਾਸਨ ਨੇ ਡੇਰੇ ਦੇ ਆਲੇ ਦੁਆਲੇ ਅੱਜ ਵੱਡੀ ਗਿਣਤੀ ਵਿੱਚ ਪੰਜਾਬ ਪੁਲੀਸ ਦੇ ਕਮਾਂਡੋ ਤਾਇਨਾਤ ਕੀਤੇ। ਡੇਰੇ ਅੰਦਰ ਲੰਗਰ ਲਗਾਤਾਰ ਜਾਰੀ ਹੈ ਤੇ ਦੂਰ-ਦਰਾਡੇ ਤੋਂ ਡੇਰਾ ਪ੍ਰੇਮੀ ਲਗਾਤਾਰ ਪਹੁੰਚਣੇ ਸ਼ੁਰੂ ਹੋ ਗਏ ਹਨ।
HOME ਡੇਰਾ ਪ੍ਰੇਮੀਆਂ ਵੱਲੋਂ ਬਿੱਟੂ ਦਾ ਸਸਕਾਰ ਕਰਨ ਤੋਂ ਨਾਂਹ