ਡੇਰਾ ਪ੍ਰਬੰਧਕਾਂ ਵੱਲੋਂ ਦਲਿਤ ਲੜਕੇ ਦੀ ਕੁੱਟਮਾਰ

ਪੱਟੀ ਦੇ ਪਿੰਡ ਲੋਹਕਾ ਵਿਚ ਅੱਜ ਇਕ ਦਲਿਤ ਪਰਿਵਾਰ ਦਾ ਲੜਕਾ ਪਤੰਗ ਲੁੱਟਣ ਲਈ ਨੇੜੇ ਬਣੇ ਸੰਤ ਅਟਾਰੀ ਵਾਲਿਆ ਦੇ ਡੇਰੇ ਵਿੱਚ ਚਲਾ ਗਿਆ ਅਤੇ ਡੇਰਾ ਮੁਖੀ ਵਲੋਂ ਉਸਦੀ ਕੁੱਟਮਾਰ ਕਰ ਦਿੱਤੀ ਗਈ। ਇਸ ਕਾਰਨ ਪੈਦਾ ਹੋਈ ਤਣਾਅ ਵਾਲੀ ਸਥਿਤੀ ਨੂੰ ਦੇਖਦੇ ਪੁਲੀਸ ਦੇ ਉੱਚ ਅਧਿਕਾਰੀ ਇੱਥੇ ਡੇਰਾ ਲਗਾਕੇ ਬੈਠ ਗਏ।
ਪਿੰਡ ਵਾਸੀਆਂ ਨੇ ਦੱਸਿਆ ਇਹ ਡੇਰਾ ਕਾਫੀ ਪੁਰਾਣਾ ਹੈ ਅਤੇ ਇਸ ਵਿਚ ਦਲਿਤ ਬਰਾਦਰੀ ਦੇ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਪਰ ਅੱਜ ਗਲਤੀ ਨਾਲ ਉਨ੍ਹਾਂ ਦੇ ਕੁਝ ਬੱਚੇ ਪਤੰਗ ਲੁੱਟਦੇ ਲੁੱਟਦੇ ਡੇਰੇ ਵਿਚ ਦਾਖ਼ਲ ਹੋ ਗਏ।ਡੇਰੇ ਵਿਚ ਮੌਜੂਦ ਰਸ਼ਪਾਲ ਸਿੰਘ ਡੇਰਾ ਮੁਖੀ ਨੇ ਇਕ ਬੱਚੇ ਨੂੰ ਸੋਟੀਆਂ ਨਾਲ ਕੁੱਟ ਧਰਿਆ ਅਤੇ ਕੁੱਟਮਾਰ ਕਰਦੇ ਸਮੇਂ ਡੇਰੇ ਦੇ ਗੇਟ ਵੀ ਬੰਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਣ ਤੇ ਕੁਝ ਲੋਕ ਕੰਧਾਂ ਟੱਪ ਕੇ ਡੇਰੇ ਵਿਚ ਦਾਖ਼ਲ ਹੋਏ ਅਤੇ ਬੱਚੇ ਨੂੰ ਬਾਹਰ ਕੱਢਿਆ ਗਿਆ। ਡੇਰੇ ਦੇ ਮੁਖੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਡੇਰਾ ਦੋ-ਢਾਈ ਸੌ ਸਾਲ ਪੁਰਾਣਾ ਹੈ ਅਤੇ ਪਿਛਲੇ ਕਾਫੀ ਸਮੇਂ ਤੋ ਮਜ੍ਹਬੀ ਸਿੱਖ ਲੋਕਾਂ ਨੂੰ ਇਸ ਡੇਰੇ ਵਿਚ ਆਉਣ ਦੀ ਮਨਾਹੀ ਹੈ ਅਤੇ ਇਸ ਬਰਾਦਰੀ ਦੇ ਲੋਕ ਆਨੇ-ਬਹਾਨੇ ਡੇਰੇ ਵਿਚ ਆਉਂਦੇ ਹਨ। ਜਿਸ ਲਈ ਉਨ੍ਹਾਂ ਨੂੰ ਮਨ੍ਹਾਂ ਕੀਤਾ ਜਾਂਦਾ ਹੈ, ਇਸੇ ਦੇ ਚਲਦੇ ਅੱਜ ਕੁਝ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।
ਡੀਐੱਸਪੀ ਪੱਟੀ ਸੋਹਣ ਸਿੰਘ ਨੇ ਕਿਹਾ ਕਿ ਕਬੂਤਰ ਫੜਨ ਅਤੇ ਪਤੰਗ ਲੁੱਟਣ ਗਏ ਬੱਚਿਆਂ ਕਰਕੇ ਇਹ ਵਿਵਾਦ ਹੋ ਗਿਆ ਹੈ ਜੇਕਰ ਇੰਨ੍ਹਾਂ ਦੋਨਾਂ ਪਾਰਟੀਆਂ ਵਿਚ ਸਹਿਮਤੀ ਬਣ ਗਈ ਤਾਂ ਠੀਕ ਹੈ ਨਹੀਂ ਤਾਂ ਪੁਲੀਸ ਵੱਲੋਂ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਪਿੰਡ ਵਿਚ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।

Previous articleਜ਼ਹਿਰ ਨਿਗਲਣ ਕਾਰਨ ਪਿਤਾ ਤੇ ਪੁੱਤਰ ਦੀ ਮੌਤ; ਧੀ ਜ਼ੇਰੇ ਇਲਾਜ
Next articleਭਾਰਤ ਤੇ ਵਿੰਡੀਜ਼ ਵਿਚਾਲੇ ਤੀਜੀ ਟੱਕਰ ਅੱਜ