(ਸਮਾਜ ਵੀਕਲੀ)- ਬੀਤੇ ਦਿਨੀਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਾਂਗ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਦੀ ਪੰਜਾਬੀ ਕਮਿਉਨਿਟੀ ਵਲੋ ਰਲ ਮਿਲ ਕੇ ਗੁਰਦੁਆਰਾ ਸਿੱਖ ਸੋਸਾਇਟੀ ਆਫ ਡੇਟਨ ਵਿਖੇ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਕਰਕੇ ਬਹੁਤ ਜਾਹੋ ਜਲਾਲ ਨਾਲ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਮਨਾਇਆ ਗਿਆ । ਵਿਸਾਖੀ ਵਾਲੇ ਹਫ਼ਤੇ ਦਿਨ ਸ਼ੁੱਕਰਵਾਰ ਦੀ ਚੜਦੀ ਸਵੇਰ ਨਾਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਅਰੰਭ ਕੀਤੇ ਗਏ । ਪੂਰਾ ਦਿਨ ਬਾਣੀ ਰਸ ਦੇ ਨਾਲ ਨਾਲ ਆਉਣ ਵਾਲ਼ੀਆਂ ਸੰਗਤਾਂ ਨੂੰ ਕਈ ਪ੍ਰਕਾਰ ਦੇ ਸੁਆਦੀ ਲੰਗਰ ਵੀ ਵਰਤਦੇ ਰਹੇ ਅਤੇ ਦੇਰ ਰਾਤ ਤੱਕ ਸੰਗਤਾਂ ਗੁਰੂ-ਘਰ ਦੀ ਹਾਜ਼ਰੀ ਭਰਦੀਆਂ ਰਹੀਆਂ ।
ਦੂਸਰੇ ਦਿਨ ਦੀ ਸੁਰੂਆਤ ਹੁੰਦਿਆਂ ਹੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਵੱਢੀ ਤਾਦਾਦ ਨਾਲ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਨਾਲ ਹੀ ਗੁਰੂ-ਘਰ ਵਿਖੇ ਨਵੇ ਬਣੇ ਗੁਰੂ ਨਾਨਕ ਰਸੋਈ ਘਰ ਵਿੱਚੋਂ ਵੱਖ ਵੱਖ ਤਰਾਂ ਦੇ ਪਕਵਾਨਾਂ ਦੀਆਂ ਸੁਘੰਦੀਆਂ ਨਾਲ ਆਲਾ-ਦੁਆਲਾ ਵੀ ਮਹਿਕ ਉੱਠਿਆ । ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੀ ਸਫਾਈ ਤੋਂ ਬਾਅਦ ਸ਼ਾਮ ਨੂੰ ਛੇਵੇਂ ਗੁਰੂ ਸਾਹਿਬਾਨ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਗੁਰਦੁਆਰੇ ਦੀ ਪਹਿਚਾਣ ਨਿਸ਼ਾਨ ਸਾਹਿਬ ਨੂੰ ਨਵੇ ਬਾਣੇ ਵਿੱਚ ਸਜਾਇਆਂ ਗਿਆ । ਇਸੇ ਤਰਾਂ ਦੇਰ ਰਾਤ ਤੱਕ ਸੰਗਤਾਂ ਦੀ ਆਵਾਜਾਈ ਚੱਲਦੀ ਰਹੀ ਅਤੇ ਗੁਰੂ ਕੀ ਬਾਣੀ ਸੰਗਤਾਂ ਦੇ ਕੰਨਾ ਵਿੱਚ ਮਿੱਠਾ ਰਸ ਘੋਲਦੀ ਨਿਰੰਤਰ ਚੱਲ ਰਹੀ ਸੀ ।ਫਿਰ ਆਇਆ ਉਹ ਦਿਨ ਜਿਸਦੀ ਸੰਗਤਾਂ ਨੂੰ ਪਿਛਲੇ ਸਾਲ ਤੋਂ ਹੀ ਬੇਸਬਰੀ ਨਾਲ ਉਡੀਕ ਸੀ । ਕਿਉਂਕਿ ਪਿਛਲੇ ਸਾਲ ਦੇ ਸ਼ੁਰੂ ਵਿੱਚ ਫੈਲੀ ਭਿਆਨਕ ਬੀਮਾਰੀ ਕਾਰੋਨਾ ਕਾਰਨ ਸਾਰੇ ਸੰਸਾਰ ਦੀ ਗਤੀ ਵਿਧੀ ਤੇ ਰੋਕ ਲੱਗਣ ਨਾਲ ਅਸੀਂ ਬਹੁਤ ਸਾਰੇ ਦਿਨ ਤਿਉਹਾਰਾਂ ਤੋਂ ਵਾਂਝੇ ਰਹਿ ਗਏ ਸਾਂ ।ਇਸ ਲਈ ਐਤਵਾਰ ਦੀ ਸਵੇਰ ਹੁੰਦਿਆਂ ਹੀ ਸੰਗਤਾਂ ਦੇ ਉਤਸ਼ਾਹ ਦਾ ਸਮੁੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਬਾਹਰ ਠਾਠਾਂ ਮਾਰਦਾ ਦਿਖਾਈ ਦੇ ਰਿਹਾ ਸੀ । ਤਕਰੀਬਨ ਦਸ ਵਜੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਸਾਹਿਬ ਸੰਪੂਰਨ ਹੋਏ ਅਤੇ ਚਾਹ ਨਾਸ਼ਤਾ ਕਰਕੇ ਸੰਗਤਾਂ ਬਾਹਰ ਕਾਰ ਪਾਰਕਿੰਗ ਵਿੱਚ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਜਿੱਥੇ ਜਲੌਅ (ਜਲੂਸ) ਸਜਾਏ ਜਾ ਰਹੇ ਸਨ । ਜਿਸਦਾ ਪ੍ਰੋਗਰਾਮ ਭਾਵੇਂ ਪਿਛਲੀ ਰਾਤ ਨੂੰ ਹੀ ਉਲੀਕਿਆ ਗਿਆ ਸੀ ਪਰੰਤੂ ਕੇਸਰੀ, ਪੀਲੇ ਅਤੇ ਹੋਰ ਕਈ ਰੰਗਾਂ ਦੀਆਂ ਪੱਗਾਂ ਅਤੇ ਦੁਪੱਟਿਆਂ ਨਾਲ ਕਾਰ ਪਾਰਕਿੰਗ ਫੁੱਲਾਂ ਦੇ ਕਿਆਰੇ ਵਾਂਗ ਸਜਿਆ ਪਿਆ ਸੀ । ਸਤਿਨਾਮ ਵਾਹਿਗੁਰੂ ਦੀ ਆਵਾਜ ਕੰਨਾ ਵਿੱਚ ਪੈਂਦਿਆਂ ਸੰਗਤਾਂ ਸਾਵਧਾਨ ਹੋ ਗਈਆਂ ਅਤੇ ਗੁਰੂ ਸਾਹਿਬ ਜੀ ਨੂੰ ਪਾਲਕੀ ਵਿੱਚ ਸਵਾਰ ਕਰਕੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੇ ਜਲੌਅ (ਜਲੂਸ) ਨੂੰ ਅਗਵਾਈ ਦਿੱਤੀ । ਬੱਚਿਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਨਾਲ ਹੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਆਵਾਜ ਗੂੰਜਣ ਲੱਗੀ । ਤਕਰੀਬਨ ਪੰਜਤਾਲੀ ਮਿੰਟ ਵਿੱਚ ਸਾਰੀ ਕਾਰ ਪਾਰਕਿੰਗ ਦਾ ਚੱਕਰ ਸੰਗਤਾਂ ਦੇ ਵੱਡੇ ਇਕੱਠ ਨੇ ਗੁਰੂ ਸਾਹਿਬ ਜੀ ਦੀ ਪਾਲਕੀ ਦੇ ਨਾਲ ਚੱਲ ਕੇ ਅਤੇ ਬੱਚਿਆਂ ਨੇ ਟ੍ਰਾਲੀ ਤੇ ਬੈਠ ਕੇ ਪੂਰਾ ਕੀਤਾ । ਇਸ ਰੌਣਕ ਭਰੇ ਮਾਹੌਲ ਨੂੰ ਏ ਐਂਡ ਏ ਫੋਟੋਗ੍ਰਾਫਰ ਸ਼ੁਨੀਲ ਮੱਲੀ ਨੇ ਆਪਣੇ ਕੈਮਰੇ ਵਿੱਚ ਦਰਜ ਕੀਤਾ ।
ਦਰਬਾਰ ਸਾਹਿਬ ਵਿੱਚ ਦੀਵਾਨ ਦੀ ਹਾਜ਼ਰੀ ਭਰਦਿਆਂ ਭਾਈ ਮਨਜੀਤ ਸਿੰਘ ਇੰਡਆਨਾ ਅਤੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਜੀ ਨੇ ਸ਼ਬਦ ਵਿਚਾਰ ਰਾਹੀਂ ਖਾਲਸਾ ਦਿਵਸ ਦਾ ਮਹੱਤਵ ਸੰਗਤਾਂ ਨੂੰ ਸ਼੍ਰਵਣ ਕਰਵਾਇਆ ਉਪਰੰਤ ਢਾਡੀ ਜਗਸੀਰ ਸਿੰਘ ਅਤੇ ਸਾਥੀਆਂ ਨੇ ਸਟੇਜ ਸੰਭਾਲ਼ੀ ਅਤੇ ਢੱਡ ਸਾਰੰਗੀ ਨਾਲ ਵਾਰਾਂ ਗਾ ਕੇ ਸੰਗਤਾਂ ਵਿੱਚ ਬੀਰ-ਰਸ ਭਰ ਦਿੱਤਾ । ਸਮੇਂ ਦੀ ਨਬਜ਼ ਨੂੰ ਕਾਬੂ ਕਰਦਿਆਂ ਪ੍ਰਬੰਧਕ ਸੇਵਾਦਾਰਾਂ ਨੇ ਖਾਲਸਾ ਸਾਜਨਾਂ ਦਿਵਸ ਦੀ ਵਧਾਈ ਦਿੱਤੀ ਸੰਗਤ ਅਤੇ ਬਾਕੀ ਸੇਵਾਦਾਰਾਂ ਦਾ ਧੰਨਵਾਦ ਕੀਤਾ । ਡਾ: ਦਰਸ਼ਨ ਸਿੰਘ ਸਹਿਬੀ ਨੇ ਸੰਗਤ ਲਈ ਚਲਾਈ ਜਾ ਰਹੀ ਫ੍ਰੀ ਡਿਸਪੈਂਸਰੀ ਵਾਰੇ ਜਾਣਕਾਰੀ ਦਿੱਤੀ । ਉਪਰੰਤ ਸਮਾਪਤੀ ਅਰਦਾਸ ਵਿੱਚ ਇੰਡਆਾਨਾ ਸੂਬੇ ਦੇ ਸ਼ਹਿਰ ਫੇਅਰ ਫ਼ੈਕਸ ਵਿੱਚ ਵਾਪਰੀ ਦੁਖਦਾਈ ਘਟਨਾ ਵਿੱਚ ਮਾਰੇ ਗਏ ਵਿਆਕਤੀਆਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ ਅਤੇ ਸੰਗਤ ਨੂੰ ਲੰਗਰ ਛਕਾਏ ਗਏ ।