ਡੀ.ਟੀ.ਐੱਫ. ਵੱਲੋਂ ਸਿਹਤ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ

ਮਾਨਸਾ ( ਔਲਖ ) (ਸਮਾਜ ਵੀਕਲੀ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਪ੍ਰਤੀ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਅੱਜ ਅੱਠਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਮਾਨਸਾ ਜਿਲ੍ਹੇ ਵਿੱਚ ਸਿਵਲ ਸਰਜਨ ਦਫ਼ਤਰ ਵਿਖੇ ਪੰਜ ਸਿਹਤ ਮੁਲਾਜ਼ਮ  ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਮੱਖਣ ਸਿੰਘ, ਸਰਬਜੀਤ ਕੌਰ, ਬਲਜਿੰਦਰ ਕੌਰ ਅਤੇ ਸੁਖਪਾਲ ਕੌਰ ਗਰਮੀ ਅਤੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਭੁੱਖ ਹਡ਼ਤਾਲ ਤੇ ਬੈਠੇ।

ਅੱਜ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਇਸ ਭੁੱਖ ਹੜਤਾਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਡੇਮੋਕ੍ਰੇਟਿਕ ਟੀਚਰਜ਼ ਫਰੰਟ ਨੇ ਸਿਹਤ ਮੁਲਾਜ਼ਮ ਸਾਂਝਾ ਫਰੰਟ ਦੀ ਅਗਵਾਈ ਵਿੱਚ ਆਪਣੀਆਂ ਮੰਗਾ ਦੀ ਪੂਰਤੀ ਲਈ ਕੀਤੇ ਜਾਂਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਨੇ ਕਿਹਾ ਕਿ ਕਰੋਨਾ ਖਿਲਾਫ਼ ਮੂਹਰਲੀ ਕਤਾਰ ਵਿੱਚ  ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਨੂੰ ਦਹਾਕੇ ਭਰ ਤੋਂ ਨਿਗੂਣੀਆਂ ਤਨਖਾਹਾਂ ਉੱਪਰ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਉਹਨਾਂ ਆਖਿਆ ਕਿ ਸਿਹਤ ਮੁਲਾਜ਼ਮਾਂ ਨੂੰ ਕਰੋਨਾ ਜੋਧਿਆਂ ਦਾ ਖਿਤਾਬ ਦੇਣ ਵਾਲੀ ਕੈਪਟਨ ਸਰਕਾਰ ਠੇਕਾ ਭਰਤੀ ਸਿਹਤ ਕਰਮੀਆਂ ਨੂੰ ਰੈਗੂਲਰ ਨਹੀਂ ਕਰ ਰਹੀ। ਆਗੂਆਂ ਨੇ ਸਪਸ਼ਟ ਕੀਤਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾ ਮੰਨਣ ਦੀ ਬਜਾਏ ਪਹਿਲਾਂ ਮਿਲਦੇ ਭੱਤਿਆਂ ਤੇ ਵੀ ਕੱਟ ਲਗਾ ਕੇ ਸਰਕਾਰੀ ਕਰਮਚਾਰੀਆਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਨੇ ਸਰਕਾਰ ਤੋਂ ਸਿਹਤ ਮੁਲਾਜ਼ਮਾਂ ਦੀਆਂ ਮੰਗਾ ਪੂਰੀਆਂ ਕਰਨ ਦੀ ਪੁਰਜ਼ੋਰ ਮੰਗ ਕੀਤੀ।

ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਕਿਰਨ ਕੌਰ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਸਰਕਾਰ ਨਿਗੂਣੀਆਂ ਤਨਖਾਹਾਂ ਦੇ ਕੇ ਪੜ੍ਹੇ ਲਿੱਖੇ ਵਰਗ ਦਾ ਸੋਸ਼ਣ ਕਰ ਰਹੀ ਹੈ। ਉਹਨਾਂ ਕਿਹਾ ਕਿ 12,15 ਸਾਲ ਦੀ ਨੌਕਰੀ ਤੋਂ ਬਾਅਦ ਵੀ ਏਨੀ ਘੱਟ ਤਨਖਾਹਾਂ ਨਾਲ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ਜਿਸ ਕਰਕੇ ਸਾਨੂੰ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲੜਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ਤੇ ਭਾਰਤੀ ਮੁਲਾਜ਼ਮਾਂ ਨੂੰ ਬਿਨਾ ਦੇਰੀ ਤੋ ਰੈਗੂਲਰ ਕੀਤਾ ਜਾਵੇ ਅਤੇ ਨਵ ਨਿਯੁਕਤ ਮਲਟੀਪਰਪਜ ਹੈਲਥ ਵਰਕਰਾਂ ਦਾ ਪਰਖ ਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ ਅਤੇ ਕੋਰੋਨਾ ਮਹਾਂਮਾਰੀ ਵਿੱਚ ਕੀਤੇ ਜਾਂਦੇ ਕੰਮ ਬਦਲੇ ਵਿਸ਼ੇਸ ਭੱਤਾ ਦਿੱਤਾ ਜਾਵੇ। ਅੱਜ ਦੀ ਭੁੱਖ ਹੜਤਾਲ ਵਿੱਚ ਕੇਵਲ ਸਿੰਘ ਜਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਜਰਨਲ ਸਕੱਤਰ ਅਤੇ ਨਿਰਮਲ ਸਿੰਘ ਕਣਕਵਾਲੀਆ, ਭੋਲਾ ਸਿੰਘ ਵਿਰਕ, ਹੇਮ ਰਾਜ ਆਦਿ ਨੇ ਭੁੱਖ ਹੜਤਾਲ ਵਿੱਚ ਵਿਸ਼ੇਸ ਤੌਰ ਤੇ ਹਾਜ਼ਰੀ ਲਗਵਾਈ।

Previous articleIran reports 2,548 new coronavirus cases, 306,752 in total
Next articleBangladeshi Muslims celebrate Eid-al-Adha amid COVID-19