ਡੀਜੀਸੀਏ ਵੱਲੋਂ ਬੋਇੰਗ 737 ਮੈਕਸ ਬਾਰੇ ਹਦਾਇਤਾਂ ਜਾਰੀ

ਇਥੋਪੀਅਨ ਏਅਰਲਾਈਨਜ਼ ਦੇ ਬੋਇੰਗ 737 ਮੈਕਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਇਕ ਦਿਨ ਮਗਰੋਂ ਭਾਰਤ ਦੇ ਏਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ ਘਰੇਲੂ ਏਅਰਲਾਈਨਾਂ ਨੂੰ ਬੋਇੰਗ 737 ਮੈਕਸ ਜਹਾਜ਼ਾਂ ਦੀ ਵਰਤੋਂ ਸਬੰਧੀ ਵਧੀਕ ਸੁਰੱਖਿਆ ਹਦਾਇਤਾਂ ਜਾਰੀ ਕੀਤੀਆਂ ਹਨ। ਡੀਜੀਸੀਏ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜਾ ਵੀ ਪਾਇਲਟ ਇਹ ਜਹਾਜ਼ ਉਡਾਏਗਾ, ਉਸ ਨੂੰ ਘੱਟੋ ਘੱਟ 1000 ਘੰਟਿਆਂ ਦਾ ਤਜਰਬਾ ਹੋਣਾ ਚਾਹੀਦਾ ਹੈ। ਇਹ ਨਹੀਂ ਹਵਾਈ ਰੈਗੂਲੇਟਰ ਨੇ ਏਅਰਲਾਈਨਾਂ ਨੂੰ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ 737 ਮੈਕਸ ਜਹਾਜ਼ਾਂ ਦੀ ਸਾਂਭ ਸੰਭਾਲ ਇੰਜਨੀਅਰਿੰਗ ਮਾਹਿਰਾਂ ਵੱਲੋਂ ਹੀ ਕੀਤੀ ਜਾਵੇ। ਇਸ ਦੌਰਾਨ ਚੀਨ, ਇੰਡੋਨੇਸ਼ੀਆ ਤੇ ਇਥੋਪੀਆ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ਦੇ ਉਡਾਣ ਭਰਨ ’ਤੇ ਪਾਬੰਦੀ ਲਾ ਦਿੱਤੀ ਹੈ। ਇਥੋਪੀਆ ਵਿੱਚ ਲੰਘੇ ਦਿਨ ਹੋਏ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਅਮਲੇ ਦੇ ਮੈਂਬਰਾਂ ਸਮੇਤ ਸਾਰੇ 157 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਚਾਰ ਭਾਰਤੀ ਮੁਸਾਫ਼ਰ ਵੀ ਸਨ। ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਾਦਸੇ ਵਿੱਚ ਫੌਤ ਹੋਏ ਚਾਰ ਭਾਰਤੀ ਮੁਸਾਫ਼ਰਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਇਮਦਾਦ ਦਿੱਤੇ ਜਾਣ ਦਾ ਭਰੋਸਾ ਦਿੱਤਾ ਹੈ। ਇਥੋਪੀਆ ਤੇ ਕੀਨੀਆ ਸਥਿਤ ਭਾਰਤੀ ਮਿਸ਼ਨਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਨਾਲ ਦੁੱਖ ਜਤਾਇਆ ਹੈ। ਹਾਦਸੇ ਵਿੱਚ ਫ਼ੌਤ ਹੋਣ ਵਾਲੇ ਚਾਰ ਭਾਰਤੀਆਂ ਦੀ ਪਛਾਣ ਸ਼ਿਖਾ ਗਰਗ, ਪਾਨਾਗੇਸ਼ ਭਾਸਕਰ ਵੈਦਿਆ, ਹੰਸਿਨੀ ਪਾਨਾਗੇਸ਼ ਵੈਦਿਆ ਤੇ ਨੁਕਾਵਾਰੱਪੂ ਮਨੀਸ਼ਾ ਵਜੋਂ ਹੋਈ ਹੈ। ਸ਼ਿਖਾ ਯੂਐਨ ਡਿਵੈਲਪਮੈਂਟ ਪ੍ਰੋਗਰਾਮ ਦੇ ਸਲਾਹਕਾਰ ਵਜੋਂ ਕੰਮ ਕਰ ਰਹੀ ਸੀ। ਯੂਐਨ ਮੁਖੀ ਅੰਤੋਨੀਓ ਗੁਟੇਰੇਜ਼ ਨੇ ਵੀ ਹਵਾਈ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਪ੍ਰਗਟਾਇਆ ਹੈ। ਉਂਜ ਪਿਛਲੇ ਪੰਜ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਬੋਇੰਗ 737 ਮੈਕਸ 8 ਜਹਾਜ਼ ਹਾਦਸਾਗ੍ਰਸਤ ਹੋਇਆ ਹੈ।

Previous articleਇਮਰਾਨ ਖ਼ਿਲਾਫ਼ ਕੇਸ ਦੀ ਸੁਣਵਾਈ ਤੋਂ ਲਾਂਭੇ ਹੋਇਆ ਜੱਜ
Next articleਇੰਗਲੈਂਡ ਨੇ ਟੀ-20 ਮੈਚਾਂ ਦੀ ਲੜੀ ਵਿੱਚ ਕਲੀਨਸਵੀਪ ਕੀਤਾ