ਡੀਐੱਸਪੀ ਸੋਨੀ ਨੂੰ ਨਾ ਮਿਲੀ ਅਗਾਊਂ ਜ਼ਮਾਨਤ

ਮੁਹਾਲੀ ਵਿੱਚ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਡੀਐੱਸਪੀ ਅਤੁਲ ਸੋਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਐੱਸਪੀ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਡੀਐੱਸਪੀ ਦੇ ਖ਼ਿਲਾਫ਼ ਸੰਗੀਨ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹਾਲਾਂਕਿ ਸ੍ਰੀਮਤੀ ਸੁਨੀਤਾ ਸੋਨੀ ਇਹ ਰਹੇ ਹਨ ਕਿ ਝਗੜੇ ਦੌਰਾਨ ਫਾਇਰਿੰਗ ਨਹੀਂ ਹੋਈ ਹੈ ਅਤੇ ਉਨ੍ਹਾਂ ਵਿੱਚ ਮਹਿਜ਼ ਘਰੇਲੂ ਝਗੜਾ ਹੋਇਆ ਸੀ। ਇਸ ਬਾਰੇ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਪੁਲੀਸ ਨੇ ਸ੍ਰੀਮਤੀ ਸੋਨੀ ਦੀ ਹੱਥ ਲਿਖਤ ਸ਼ਿਕਾਇਤ ਨੂੰ ਆਧਾਰ ਬਣਾ ਕੇ ਹੀ ਡੀਐੱਸਪੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਉੱਚ ਅਦਾਲਤ ਨੂੰ ਦੱਸਿਆ ਕਿ ਡੀਐੱਸਪੀ ਦੇ ਘਰੋਂ ਮਿਲਿਆ ਅਸਲਾ ਵੀ ਨਾਜਾਇਜ਼ ਹੈ। ਡੀਐੱਸਪੀ ਰੈਂਕ ਦੇ ਅਧਿਕਾਰੀ ਕੋਲ ਨਾਜਾਇਜ਼ ਅਸਲਾ ਕਿੱਥੋਂ ਆਇਆ। ਉਸ ਨੇ ਇਹ ਹਥਿਆਰ ਆਪਣੇ ਕੋਲ ਕਿਉਂ ਰੱਖਿਆ ਹੋਇਆ ਸੀ। ਇਨ੍ਹਾਂ ਸਾਰੇ ਤੱਥਾਂ ਦੀ ਜਾਂਚ ਕਰਨੀ ਹੈ। ਇਸ ਲਈ ਡੀਐੱਸਪੀ ਦੀ ਗ੍ਰਿਫ਼ਤਾਰੀ ਕਰਨੀ ਬਣਦੀ ਹੈ। ਲਿਹਾਜ਼ਾ ਪੁਲੀਸ ਅਧਿਕਾਰੀ ਦੀ ਜ਼ਮਾਨਤ ਮਨਜ਼ੂਰ ਨਾ ਕੀਤੀ ਜਾਵੇ। ਜਾਂਚ ਅਧਿਕਾਰੀ ਨੇ ਡੀਐੱਸਪੀ ਖ਼ਿਲਾਫ਼ ਦਿੱਲੀ ਵਿੱਚ ਦਰਜ ਇਕ ਹੋਰ ਕੇਸ ਬਾਰੇ ਵੀ ਹਾਈ ਕੋਰਟ ਨੂੰ ਦੱਸਿਆ ਹੈ।

ਡੀਐੱਸਪੀ ਨੂੰ ਝੂਠੇ ਕੇਸ ਵਿੱਚ ਫਸਾਇਆ: ਬਚਾਅ ਪੱਖ

ਬਚਾਅ ਪੱਖ ਦੇ ਵਕੀਲ ਸੰਤਪਾਲ ਸਿੰਘ ਸਿੱਧੂ ਨੇ ਉੱਚ ਅਦਾਲਤ ਨੂੰ ਦੱਸਿਆ ਕਿ ਡੀਐੱਸਪੀ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀਮਤੀ ਸੋਨੀ ਹਲਫ਼ਨਾਮਾ ਭੇਜ ਕੇ ਸਪੱਸ਼ਟ ਕਰ ਚੁੱਕੀ ਹੈ ਕਿ ਡੀਐੱਸਪੀ ਨੇ ਉਸ ’ਤੇ ਫਾਇਰਿੰਗ ਨਹੀਂ ਕੀਤੀ ਸੀ ਪਰ ਇਸ ਦੇ ਬਾਵਜੂਦ ਪੁਲੀਸ ਉਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਐਫ਼ਆਈਆਰ ਰੱਦ ਨਹੀਂ ਕੀਤਾ ਜਾ ਰਿਹਾ। ਹਾਈ ਕੋਰਟ ਦੇ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੀਐਸਪੀ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ। ਇਸੇ ਦੌਰਾਨ ਸਥਾਨਕ ਪੁਲੀਸ ਨੇ ਡੀਐੱਸਪੀ ਸੋਨੀ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ ਪਰ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਹੈ। ਡੀਐੱਸਪੀ ਦੇ ਦੋਸਤਾਂ ਸਮੇਤ ਉਸ ਦੇ ਫੇਸਬੁੱਕ ਅਕਾਊਂਟ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

Previous articleਵਿਰੋਧੀ ਧਿਰਾਂ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਰੋਸ ਜ਼ਾਹਿਰ
Next articleਬੈਂਕ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਹੜਤਾਲ