(ਸਮਾਜਵੀਕਲੀ): “ਦੇਸ਼ ਆਜ਼ਾਦ ਹੋ ਗਿਆ ਭਾਈ, ਦੇਸ਼ ਆਜ਼ਾਦ ਹੋ ਗਿਆ”, ਖੁਸ਼ੀ ਵਿੱਚ ਮਸਤ ਜਬਰੂਦੀਨ ਪੂਰੀ ਬਸਤੀ ਵਿੱਚ ਹੰਗਾਮਾ ਮਚਾ ਰਿਹਾ ਸੀ। ਸੁਣਿਆ ਉਹ ਅਤੇ ਉਸ ਦੀ ਘਰਵਾਲੀ ਕਿਸੇ ਵੱਡੇ ਰਾਜਨੀਤਕ ਵਿਅਕਤੀ ਦੇ ਘਰ ਸਾਫ਼-ਸਫ਼ਾਈ ਦਾ ਕੰਮ ਕਰਦੇ ਸਨ। ਉਸ ਦਿਨ ਬਸਤੀ ਵਾਲਿਆਂ ਨੇ ਖੂਬ ਜਸ਼ਨ ਮਨਾਏ ਅਤੇ ਰੱਜ ਕੇ ਸ਼ਰਾਬ ਪੀਤੀ। ਸ਼ਰਾਬ ਪੀਣ ਤੋਂ ਬਾਅਦ ਵਿਅਕਤੀਆਂ ਤੋਂ ਜਾਨਵਰ ਬਣੇ ਬਸਤੀਵਾਸੀਆਂ ਵਿਚਕਾਰ ਹੋਈ ਲੜਾਈ ਵਿੱਚ ਦੋ ਵਿਅਕਤੀਆਂ ਦੀ, ਮੁਆਫ਼ੀ ਦੋ ਜਾਨਵਰਾਂ ਦੀ ਮੌਤ ਹੋ ਗਈ। ਸ਼ਰਾਬ ਪੀਣ ਤੋਂ ਪਹਿਲਾਂ ਤਾਂ ਇਹ ਲੋਕ ਇਨਸਾਨ ਹੀ ਸਨ, ਸ਼ਰਾਬ ਦੇ ਦੋ-ਦੋ ਜਾਮ ਪੀਣ ਤੋਂ ਬਾਅਦ ਇਹਨਾਂ ਵਿੱਚ ਅੰਨ੍ਹੀ ਦਲੇਰੀ ਆ ਗਈ ਅਤੇ ਇਹ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪਏ। ਇਕੱਲੇ-ਇਕੱਲੇ ਸ਼ੇਰ ਨੇ ਜੋਸ਼-ਜੋਸ਼ ਵਿੱਚ ਦੋ-ਦੋ ਬੋਤਲਾਂ ਹੋਰ ਗੜਕਾ ਲਈਆਂ, ਸ਼ਰਾਬ ਦੇ ਨਸ਼ੇ ਵਿੱਚ ਡੁਬਿਆ ਹਰ ਇੱਕ ਸ਼ੇਰ ਆਪਣੇ ਆਪ ਨੂੰ ਜੰਗਲ ਦਾ ਰਾਜਾ ਸਮਝਣ ਲੱਗ ਪਿਆ। ਜੰਗਲ ਦਾ ਰਾਜਾ ਤਾਂ ਇੱਕੋ ਹੀ ਹੁੰਦਾ, ਬਸ ਫਿਰ ਕੀ ਸੀ ਭਿੜ ਗਏ ਸ਼ੇਰ ਆਪਣੇ ਆਪ ਨੂੰ ਪਿ੍ਰੰਸ ਆਫ ‘ਗਰੀਬੋ ਬਸਤਾਨੀਆ’ ਸਾਬਤ ਕਰਨ ਲਈ, ਬਿਲਕੁਲ ਉਵੇਂ ਹੀ ਜਿਵੇਂ ਉਸ ਸਮੇਂ ਵੱਖ-ਵੱਖ ਵਿਚਾਰਧਾਰਕ ਅਤੇ ਰਾਜਨੀਤਕ ਪਾਰਟੀਆਂ ਦੇ ਲੋਕ ਆਜ਼ਾਦ ਗੁਲਾਮਪੁਰ ਤੇ ਆਪਣੀ-ਆਪਣੀ ਪ੍ਰਭੁਸੱਤਾ ਕਾਇਮ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਲੜ੍ਹ ਰਹੇ ਸਨ। ਵੇਖਦਿਆਂ ਹੀ ਵੇਖਦਿਆਂ ਹਰ ਇੱਕ ਸ਼ੇਰ ਝੱਪਟ ਪਿਆ ਦੂਜੇ ਸ਼ੇਰ ਤੇ, ਇਸ ਲੜਾਈ ਵਿੱਚ ਕੁੱਝ ਹੋਰ ਜਾਨਵਰ ਵੀ ਜ਼ਖ਼ਮੀ ਹੋਏ, ਜ਼ਖ਼ਮੀ ਸੂਰ ਤਾਂ ਸ਼ਰਾਬ ਦੇ ਨਸ਼ੇ ਵਿੱਚ ਸਾਰੀ ਰਾਤ ਗੰਦੀਆਂ ਨਾਲੀਆਂ ਵਿੱਚ ਹੀ ਪਏ ਰਹੇ। ਇਸ ਲੜਾਈ ਵਿੱਚ ਦੋ ਜਾਨਵਰ ਮਾਰੇ ਗਏ। ਕੰਮ ਤਾਂ ਉਹਨਾਂ ਸ਼ਰਾਬੀਆਂ ਦੇ ਜਾਨਵਰਾਂ ਵਾਲੇ ਹੀ ਸਨ।
ਇਧਰ ਆਜ਼ਾਦੀ ਦਾ ਜਸ਼ਨ ਮਨਾਉਂਦਿਆਂ ਲੋਕ ਮਰ ਰਹੇ ਸਨ ਅਤੇ ਉੱਧਰ ਆਜ਼ਾਦੀ ਦਾ ਸੰਤਾਪ ਹੰਢਾ ਰਹੇ ‘ਪੰਜਨੀਰ’ ਅਤੇ ‘ਭਾਲੋਮਾਸੀ’ ਰਾਜਾਂ ਦੇ ਬੇਕਸੂਰ ਲੋਕ ਮਾਰੇ ਜਾ ਰਹੇ ਸਨ। ਇਹਨਾਂ ਰਾਜਾਂ ਦੀ ਵੰਡ ਵੀ ਰਾਜਨੀਤਿਕਾਂ ਨੇ ਰਾਜ ਸੱਤਾ ਹਥਿਆਉਣ ਲਈ ਕਰਾ ਦਿੱਤੀ ਸੀ। ਦੇਸ਼ ਦੋ ਭਾਗਾਂ ਵਿੱਚ ਵੰਡਿਆ ਗਿਆ, ਗੁਲਾਮਪੁਰ ਦੇ ਵਿੱਚੋਂ ਟੁੱਟ ਕੇ ਹੰਕਾਰਪੁਰ ਦੇਸ਼ ਬਣ ਚੁੱਕਿਆ ਸੀ। ਵੰਡੇ ਗਏ ਸਨ ਜਾਂ ਆਜ਼ਾਦ ਹੋਏ ਸਨ ਇਹ ਗੱਲ ਜਬਰੂਦੀਨ ਅਤੇ ਉਸਦੀ ਬਸਤੀ ਦੇ ਲੋਕ ਬਹੁਤਾ ਨਹੀਂ ਸਨ ਗੌਲ਼ ਰਹੇ। ਉਹਨਾਂ ਨੂੰ ਤਾਂ ਬਸ ਜਸ਼ਨ ਮਨਾਉਣ ਦਾ ਚਾਅ ਸੀ। ਸਫ਼ੈਦ ਪੋਸ਼ ਖ਼ਾਦੀ ਵਾਲੇ ਭਾਵੇਂ ਦੇਸ਼ ਦੀ ਵੰਡ ਦਾ ਦਿਖਾਵੇ ਲਈ ਮਾਤਮ ਮਨਾ ਰਹੇ ਸਨ ਪਰ ਅੰਦਰੋਂ-ਅੰਦਰੀ ਤਾਂ ਇਹ ਅਖੌਤੇ ਦੇਸ਼ ਭਗਤ ਵੱਧ ਮੁਨਾਫਾ ਕਮਾਉਣ ਵਾਲੇ ਵਿਭਾਗ ਤੇ ਕਬਜ਼ਾ ਕਰਨ ਦੀ ਫਿਰਾਕ ਵਿੱਚ ਸਨ। ਦੇਸ਼ ਦੀ ਆਜ਼ਾਦੀ ਦਾ ਇਹ ਜਸ਼ਨ ਸਾਲ ਭਰ ਚਲਦਾ ਰਿਹਾ ਅਤੇ ਗੁਲਾਮਪੁਰ ਆਜ਼ਾਦ ਹੋ ਕੇ ਵੀ ਬਰਬਾਦ ਹੋ ਗਿਆ ਸੀ।
ਦੇਸ਼ ਚਲਾਉਣ ਵਾਲਿਆਂ ਵਿੱਚ ਕੁੱਝ ਸੱਚੇ ਅਤੇ ਕੁੱਝ ਈਮਾਨ ਦੇ ਕੱਚੇ ਲੋਕ ਇਕੱਠੇ ਹੋ ਗਏ ਸਨ। ਫਿਰ ਸ਼ੁਰੂ ਹੋਈ ਲੁੱਟ, ਅੰਨ੍ਹੀ ਲੁੱਟ , ਲੁੱਟਿਆ, ਸੱਭ ਨੇ ਲੁੱਟਿਆ ,ਰੱਜ ਕੇ ਲੁੱਟਿਆ, ਇਸ ਕਦਰ ਲੁੱਟਿਆ ਕੇ ਵੇਖ ਕੇ ‘ਲੁੱਟ’ ਆਪ ਹੈਰਾਨ ਸੀ, ਕਿ ਐਨੀ ਤਬਾਹੀ ਤਾਂ ਗਜ਼ਨਵੀ, ਪੁਰਤਗਾਲੀ ਅਤੇ ਅੰਗਰੇਜ਼ਾਂ ਨੇ ਵੀ ਨਹੀਂ ਮਚਾਈ ਸੀ ਜਿੰਨੀ ਘਰ ਦੇ ਰਾਖਿਆਂ ਨੇ ਮਚਾ ਰੱਖੀ ਹੈ। ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਹੀ ਦੇਸ਼ ਨੂੰ ਦੀਮਕ ਵਾਂਗੂੰ ਖਾਣ ਲੱਗੇ ਹੋਏ ਸਨ। ਭਿ੍ਰਸ਼ਟਾਚਾਰੀ ਦੇਸ਼ ਵਾਸੀਆਂ ਦੇ ਖੂਨ ਵਿੱਚ ਰੱਚ-ਬਸ ਚੁੱਕੀ ਸੀ। ਕੋਈ ਵੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਸੀ ਨਿਭਾ ਰਿਹਾ, ਹਰ ਕੰਮ ਵਿੱਚ ਸਿਫਾਰਸ਼ ਅਤੇ ਪੈਸੇ ਚੱਲਦੇ ਸਨ। ਸਰਕਾਰੀ ਅਹੁਦਿਆਂ ਤੇ ਬੈਠੇ ਲੋਕ ਕੰਮ ਨਾ ਕਰਨ ਦੀ ਤਨਖਾਹ ਲੈਂਦੇ ਸਨ ਅਤੇ ਕੰਮ ਕਰਨ ਲਈ ਰਿਸ਼ਵਤ ਅਤੇ ਇਹ ਦਸਤੂਰ ਅੱਜ ਵੀ ਹੂਬਹੂ ਜਾਰੀ ਹੈ। ਹਾਲਾਤ ਮਾੜੇ ਹੁੰਦੇ ਗਏ, ਕਈ ਸੋ ਸਾਲਾਂ ਬਾਅਦ ਕਦਮਾਂ ਤੇ ਖੜ੍ਹਨ ਦੀ ਕੋਸ਼ਿਸ਼ ਕਰ ਰਿਹਾ ਗੁਲਾਮਪੁਰ ਫਿਰ ਪੱਬਾਂ ਭਾਰ ਹੋ ਗਿਆ। ਚਾਰੇ ਪਾਸੇ ਸਨਸਨੀ ਮੱਚ ਗਈ, ਸਰਕਾਰੀ ਖ਼ਜ਼ਾਨੇ ਖਾਲੀ ਸਨ ਪਰ ਸਰਕਾਰੀ ਮੰਤਰੀਆਂ ਦੇ ਖਜ਼ਾਨੇ ਦਿਨ-ਰਾਤ ਭਰ ਰਹੇ ਸਨ। ਪਹਿਲਾਂ ਅੰਗਰੇਜ਼ ਦੇਸ਼ ਦਾ ਪੈਸਾ ਲੁੱਟ ਕੇ ਲਿਜਾਂਦੇ ਰਹੇ ਪਰ ਹੁਣ ਦੇਸ਼ ਦੇ ਅਮੀਰ ਵਪਾਰੀ ਅਤੇ ਰਾਜਨੀਤਕ ਲੋਕ ਆਪ ਉਸ ਦੇਸ਼ ਦੇ ਬੈਂਕਾਂ ਵਿੱਚ ਪੈਸਾ ਭੇਜ ਰਹੇ ਸਨ। ਫਿਰ ਬਸਤੀ ਵਾਲਿਆਂ ਸਣੇ ਸਾਰੇ ਦੇਸ਼ ਦੇ ਆਮ ਲੋਕਾਂ ਨੂੰ ਕਾਲ ਵਰਗੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ। ਜਿਵੇਂ ਕਿਸੇ ਬਿਮਾਰ ਜਾਂ ਬੁੱਢੇ ਜਾਨਵਰ ਉੱਤੇ ਧਰਤੀ ਤੋਂ ਕਈ ਮੀਲ ਉਪਰ ਅਸਮਾਨ ਵਿੱਚ ਉੱਡ ਰਹੀਆਂ ਗਿੱਦਾਂ ਦੀ ਪੂਰੀ ਨਜ਼ਰ ਰਹਿੰਦੀ ਹੈ ਅਤੇ ਮੌਕਾ ਮਿਲਣ ਤੇ ਇਹ ਖਤਰਨਾਕ ਪੰਛੀ ਇਹਨਾਂ ਬਿਮਾਰ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਬਿਲਕੁਲ ਉਸੇ ਤਰ੍ਹਾਂ ਹੀ ਗੁਲਾਮਪੁਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੱਤ ਸਮੁੰਦਰ ਪਾਰ ਦੂਜੇ ਦੇਸ਼ਾਂ ਦੀ ਨਜ਼ਰ ਹਰ ਸਮੇਂ ਗੁਲਾਮਪੁਰ ਤੇ ਹੀ ਰਹਿੰਦੀ। ਇਹਨਾਂ ਵਿੱਚੋਂ ਇੱਕ ਦੇਸ਼ ਸੀ ‘ਐਮੇਜੀਕਾ’। ਇਹ ਦੇਸ਼ ਨਿੱਤ-ਪ੍ਰਤੀਦਿਨ ਦੂਰ ਰਹਿ ਕੇ ਗੁਲਾਮਪੁਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀਆਂ ਸਕੀਮਾਂ ਬਣਾ ਰਿਹਾ ਸੀ। ਉੱਧਰ ਜਬਰੂਦੀਨ ਪੂਰੀ ਤਨਦੇਹੀ ਨਾਲ ਮਾਲਕਾਂ ਦੇ ਘਰ ਸਫਾਈ ਦਾ ਕੰਮ ਕਰਦਾ ਪਰ ਨਵੀਂ-ਨਵੀਂ ਮਿਨੀਸਟਰੀ ਮਿਲਣ ਦੇ ਹੰਕਾਰ ਵਿੱਚ ਅੰਨਾ ਜਬਰੂਦੀਨ ਦਾ ਮਾਲਕ ਕਈ ਵਾਰ ਜਬਰੂਦੀਨ ਦਾ ਕੁਟਾਪਾ ਕਰਕੇ, ਉਸਨੂੰ ਕੰਮ ਤੋਂ ਕੱਢਣ ਦੀਆਂ ਧਮਕੀਆਂ ਦੇ ਚੁੱਕਾ ਸੀ। ਜਬਰੂਦੀਨ ਆਪਣੇ ਮਾਲਕ ਦੀ ਕੁੱਟ ਨੂੰ ਚੁੱਪ ਕਰਕੇ ਸਹਿ ਲੈਂਦਾ ਅਤੇ ਉਸ ਅੱਗੇ ਜ਼ੁਬਾਨ ਵੀ ਨਾ ਖੋਲਦਾ ਕਿਉਂਕਿ ਜਬਰੂਦੀਨ ਵੀ ਸਮਝਣ ਲੱਗ ਪਿਆ ਸੀ ਕਿ ਇਸ ਸਮੇਂ ਦੇਸ ਦੀ ਹਾਲਤ ਬਹੁਤ ਖਰਾਬ ਹੈ। ਇਸ ਲਈ ਜੇਕਰ ਉਸ ਨੂੰ ਕੰਮ ਤੋਂ ਕੱਢ ਦਿੱਤਾ ਤਾਂ ਉਹ ਅਤੇ ਉਸਦਾ ਪਰਿਵਾਰ ਭੁੱਖ ਨਾਲ ਮਰ ਜਾਣਗੇ।ਇਸ ਸੋਚ ਦਾ ਸਤਾਇਆ ਜਬਰੂਦੀਨ ਪਹਿਲਾਂ ਤਾਂ ਕਦੇ ਕਦਾਈਂ ਸ਼ਰਾਬ ਪੀਂਦਾ ਸੀ ਪਰ ਹੁਣ ਰੋਜ਼ ਸ਼ਰਾਬ ਪੀ ਕੇ ਆਉਣ ਨਾਲ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਉੱਧਰ ਨਵੇਂ ਆਜ਼ਾਦ ਹੋਏ ਗੁਲਾਮਪੁਰ ਦੇਸ਼ ਦੇ ਸ਼ਾਸਕ ਮੰਤਰੀਆਂ ਨੂੰ ਵੀ ਪ੍ਰੇਸ਼ਾਨੀ ਨੇ ਘੇਰ ਲਿਆ ਸੀ। ਕਿਉਂਕਿ ਐਮੇਜੀਕਾ ਦੇਸ਼ ਦਾ ਸ਼ਾਸਕ ਗੁਲਾਮਪੁਰ ਵਿੱਚ ਵਪਾਰ ਸ਼ੁਰੂ ਕਰਨ ਲਈ ਇਹਨਾਂ ਮੰਤਰੀਆਂ ਤੇ ਜ਼ੋਰ ਪਾ ਰਿਹਾ ਸੀ। ਜਿਸ ਦਾ ਵਿਰੋਧ ਗੁਲਾਮਪੁਰ ਵਿੱਚਲੇ ਵਪਾਰੀ ਕਰ ਰਹੇ ਸਨ। ਪਰ ਜਦੋਂ ਉਸ ਦੇਸ਼ ਨੇ ਵਪਾਰ ਬਦਲੇ ਗੁਲਾਮਪੁਰ ਦੀ ਸਰਕਾਰ ਨੂੰ ਹਰ ਸਾਲ ਵੱਡਾ ਚੰਦਾ ਦੇਣ ਦੀ ਗੱਲ ਕਹੀ ਤਾਂ ਵਿਰੋਧ ਕਰ ਰਹੇ ਦੇਸੀ ਵਪਾਰੀਆਂ ਦੀ ਮੰਗ ਦਰਕਿਨਾਰ ਕਰਕੇ ਸਰਕਾਰ ਨੇ ਸੱਤ ਸਮੁੰਦਰ ਪਾਰ ਦੇ ਦੇਸ਼ ਨੂੰ ਗੁਲਾਮਪੁਰ ਵਿੱਚ ਵਪਾਰ ਕਰਨ ਦੀ ਮੰਨਜ਼ੂਰੀ ਦੇ ਦਿਤੀ (ਹਰੀ ਕ੍ਰਾਂਤੀ ਇਸੇ ਵਪਾਰ ਦੀ ਦੇਣ ਸੀ)। ਪਰ ਗੱਲ ਤਾਂ ਮੁਨਾਫ਼ਾ ਕਮਾਉਣ ਦੀ ਸੀ। ਜਿੰਨਾ ਚੰਦਾ ਦੇਣਾ ਸੀ ਉਹ ਤਾਂ ਸੱਤ ਸਮੁੰਦਰ ਪਾਰ ਦੇ ਦੇਸ਼ ਨੂੰ ਗੁਲਾਮਪੁਰ ਵਿੱਚ ਹੋਣ ਵਾਲੀ ਕਮਾਈ ਦੇ ਦੋ ਸੋਵੇਂ ਹਿੱਸੇ ਤੋਂ ਵੀ ਘੱਟ ਸੀ।
ਇਹ ਤਾਂ ਸ਼ਹਿਰ ਦੇ ਮਸ਼ਹੂਰ ਵਪਾਰੀ ਕੌੜਾ ਮੱਲ ਵਾਲੀ ਗੱਲ ਹੋ ਗਈ, ਜਿਹੜਾ ਹੱਦੋ ਵੱਧ ਲਾਲਚੀ ਕਿਸਮ ਦਾ ਇਨਸਾਨ ਸੀ। ਕੌੜਾ ਮੱਲ ਹਫਤੇ ਦੇ ਇੱਕ ਦਿਨ ਆਪਣੇ ਪੂਰੇ ਪਰਿਵਾਰ ਨੂੰ ਸ਼ਹਿਰ ਦੇ ਵੱਖ-ਵੱਖ ਨਾਮੀ ਧਾਰਮਿਕ ਸਥਾਨਾਂ ਤੇ ਜਰੂਰ ਲੈ ਕੇ ਜਾਂਦਾ । ਧਾਰਮਿਕ ਸਥਾਨ ਤੇ ਜਾਣਾ ਕੋਈ ਮਾੜੀ ਗੱਲ ਤਾਂ ਨਹੀਂ। ਮਾੜਾ ਤਾਂ ਉਹਨਾਂ ਨੂੰ ਵੀ ਨਹੀਂ ਸੀ ਲੱਗਿਆ ਜਦੋਂ ਆਪਣਾ ਮੁਨਾਫ਼ਾ ਕਮਾਉਣ ਲਈ ਉਹ ਸੱਤਾਧਾਰੀ ਅਖੌਤੇ ਦੇਸ਼ ਭਗਤ ਉਸ ਬਾਹਰਲੇ ਦੇਸ਼ ਦੀਆਂ ਗੱਲਾਂ ਵਿੱਚ ਆ ਗਏ ਸਨ। ਕੌੜਾ ਮੱਲ ਦੇ ਪਰਿਵਾਰ ਵਿੱਚ ਕੁੱਲ ਸੱਤ ਜੀਅ ਸਨ। ਦੋ ਉਹ ਆਪ ਮੀਆ-ਬੀਬੀ ਅਤੇ ਪੰਜ ਉਸਦੇ ਜਵਾਕ। ਕੌੜਾ ਮੱਲ ‘ਵਿਖਾਵੇ’ ਅਤੇ ‘ਲਾਲਚੀ ਮਨ’ ਦੀ ਮਾਨਸਿਕਤਾ ਦਾ ਗੁਲਾਮ ਸੀ ਅਤੇ ਉਹ ਹਰ ਕੰਮ ਵਿੱਚ ਆਪਣਾ ਫਾਇਦਾ ਵੇਖਦਾ ਸੀ। ਅਮੀਰਾਂ ਦੇ ਮੁਹੱਲੇ ਵਿੱਚ ਰਹਿੰਦੇ ਕੌੜਾ ਮੱਲ ਦੇ ਸੱਭ ਗੁਆਂਢੀ ਆਪਣੀ ਫੋਕੀ ਟੋਹਰ ਬਣਾਉਣ ਲਈ ਹਫਤੇ ਦੇ ਅਖੀਰ ਵਿੱਚ ਪਰਿਵਾਰ ਸਮੇਤ ਘੁੰਮਣ-ਫਿਰਨ ਜਾਂਦੇ ਸਨ। ਫੋਕੀ ਟੋਹਰ ਅਤੇ ਦਿਖਾਵਿਆਂ ਦਾ ਮਾਰਿਆ ਕੌੜਾ ਮੱਲ ਵੀ ਆਪਣੇ ਪਰਿਵਾਰ ਨੂੰ ਘਰੋਂ ਬਾਹਰ ਲੈ ਕੇ ਜਾਣ ਲੱਗ ਪਿਆ ਤਾਂ ਜੋ ਗੁਆਂਢੀ ਸਮਝਣ ਕਿ ਕੌੜਾ ਮੱਲ ਦਾ ਪਰਿਵਾਰ ਵੀ ਹਫਤੇ ਵਿੱਚ ਇੱਕ ਵਾਰੀ ਬਾਹਰ ਖਾਣ-ਪੀਣ ਜਾਂਦਾ ਹੈ। ਉਹ ਆਪਣੇ ਪਰਿਵਾਰ ਨੂੰ ਲੈ ਕੇ ਸ਼ਹਿਰ ਦੇ ਉਹਨਾਂ ਵੱੱਖ-ਵੱਖ ਧਾਰਮਿਕ ਸਥਾਨਾਂ ਤੇ ਜਾਂਦਾ, ਜਿੱਥੇ ਲੰਗਰ ਦਾ ਪੂਰਾ ਪ੍ਰਬੰਧ ਹੁੰਦਾ। ਘਰੋਂ ਨਿਕਲਣ ਤੋਂ ਪਹਿਲਾਂ ਹੀ ਕੌੜਾ ਮੱਲ ਸਭ ਨੂੰ ਦਸ-ਦਸ ਦੇ ਨੋਟ ਧਾਰਮਿਕ ਸਥਾਨ ਤੇ ਚੜਾਉਣ ਲਈ ਫੜਾ ਦਿੰਦਾ ਸੀ। ਕੌੜਾ ਮੱਲ ਆਪਣੇ ਪਰਿਵਾਰ ਸਮੇਤ ਧਾਰਮਿਕ ਸਥਾਨ ਤੇ ਜਾਂਦਾ, ਉੱਥੇ ਸਭ ਪਰਿਵਾਰ ਮੱਥਾ ਟੇਕਦਾ, ਪੈਸੇ ਚੜਾਉਂਦਾ ਅਤੇ ਸਿੱਧਾ ਲੰਗਰ ਹਾਲ ਵੱਲ ਨੂੰ ਹੋ ਜਾਂਦਾ। ਪੂਰਾ ਪਰਿਵਾਰ ਉੱਥੇ ਇਸ ਤਰ੍ਹਾਂ ਲੰਗਰ ਖਾ ਰਿਹਾ ਹੁੰਦਾ, ਜਿਵੇਂ ਖ਼ੌਰੇ ਕਿੰਨੇ ਕੁ ਦਿਨਾਂ ਤੋਂ ਭੁੱਖੇ ਹੋਣ। ਇਹ ਘਟਨਾਕ੍ਰਮ ਹਰ ਹਫ਼ਤੇ ਇਸੇ ਤਰ੍ਹਾਂ ਹੀ ਦੁਹਰਾਇਆ ਜਾਂਦਾ।
ਉਸ ਸਮੇਂ ਗੁਲਾਮਪੁਰ ਅਤੇ ਸੱਤ ਸਮੁੰਦਰ ਪਾਰ ਦੇ ਦੇਸ਼ ਵਿਚਕਾਰ ਵੀ ਕੁੱਝ ਇਸ ਤਰ੍ਹਾਂ ਦਾ ਹੀ ਵਾਪਰ ਰਿਹਾ ਸੀ। ਐਮੇਜੀਕਾ ਦੇਸ਼ ਵੀ ਥੋੜੇ ਪੈਸਿਆਂ ਦਾ ਚੜਾਵਾ ਚੜ੍ਹਾ ਕੇ ਮੋਟਾ ਪ੍ਰਸ਼ਾਦ ਛੱਕਣ ਦੀ ਫ਼ਿਰਾਕ ਵਿੱਚ ਸੀ। ਜਿਸ ਵਿੱਚ ਉਹ ਕਾਮਯਾਬ ਵੀ ਹੋਇਆ । ਨਵੀਆਂ ਮਸ਼ੀਨਾਂ ਆਈਆਂ, ਹੱਥੀ ਕੰਮ ਕਰਨ ਵਾਲੇ ਬੇਰੋਜ਼ਗਾਰ ਹੋ ਗਏ ਪਰ ਗੁਲਾਮ ਸਰਕਾਰ ਦੀ ਗੁਲਾਮ ਪ੍ਰੈਸ ਅਤੇ ਮੀਡਿਆ ਦੇਸ਼ ਵਿੱਚ ਤਰੱਕੀਆਂ ਦੇ ਝੂਠੇ ਢਿੰਡੋਰੇ ਪਿੱਟਦੀ ਰਹੀ। ਇੱਕ ਪਾਸੇ ਚੰਦੇ ਦੇ ਰੂਪ ਵਿੱਚ ਮਿਲੇ ਪੈਸੇ ਨਾਲ ਸਰਕਾਰ ਦੇ ਮੰਤਰੀਆਂ ਦੀਆਂ ਮੌਜਾਂ ਚੱਲ ਰਹੀਆਂ ਸਨ ਦੂਜੇ ਪਾਸੇ ਐਮੇਜੀਕਾ ਦੇਸ਼ ਦਾ ਰੋਹਬ ਦਿਨੋਂ ਦਿਨ ਗੁਲਾਮਪੁਰ ਤੇ ਵੱਧਦਾ ਜਾ ਰਿਹਾ ਸੀ। ਗੁਲਾਮਪੁਰ ਇੱਕ ਵਾਰ ਫਿਰ ਗੁਲਾਮ ਹੋ ਗਿਆ ਸੀ। ਰਾਜਨੀਤੀਕ ਲੋਕ ਅਤੇ ਵਪਾਰੀ ਵਰਗ ਦਿਨ-ਬ-ਦਿਨ ਅਮੀਰ ਹੋ ਰਿਹਾ ਸੀ ਪਰ ਦੇਸ਼ ਗਰੀਬ। ਉੱਧਰ ਹੰਕਾਰੇ ਮੰਤਰੀ ਦਾ ਗੁੱਸਾ ਦਿਨ-ਪ੍ਰਤੀ-ਦਿਨ ਜਬਰੂਦੀਨ ਦੇ ਨਾਲ-ਨਾਲ ਮੰਤਰੀ ਦੀ ਆਪਣੀ ਘਰਵਾਲੀ ਤੇ ਵੀ ਜਵਾਲਾਮੁਖੀ ਵਾਂਗ ਫੁੱਟਦਾ ਜਾ ਰਿਹਾ ਸੀ। ਫਿਰ ਇਸ ਸਥਿਤੀ ਵਿੱਚ ‘ਨਿਊਟਨ’ ਦੇ ‘ਤੀਜੇ ਲਾਅ’ ਦੀ ਦਸਤਕ ਲਾਜ਼ਮੀ ਸੀ। ਘਰਵਾਲੇ ਦੇ ਗੁੱਸੇ ਦਾ ਸ਼ਿਕਾਰ ਰਹਿੰਦੀ ਮੰਤਰੀ ਦੀ ਘਰਵਾਲੀ ਜਦੋਂ ਮੰਤਰੀ ਨੂੰ ਮੁੜ ਜਵਾਬ ਦੇਣ ਲੱਗ ਪਈ ਤਾਂ ਗੱਲ ਹਾਥਾਪਾਈ ਤੱਕ ਪਹੁੰਚ ਜਾਂਦੀ। ਹੁਣ ਇਸ ਗੱਲ ਦੀ ਭੜਾਸ ਮੰਤਰੀ ਦੀ ਘਰਵਾਲੀ, ਜਬਰੂਦੀਨ ਦੀ ਘਰਵਾਲੀ ਤੇ ਹਰ ਕੰਮ ਵਿੱਚ ਨੁਕਸ ਕੱਢਦਿਆਂ ਗਾਲ੍ਹਾਂ ਦੇ ਰੂਪ ਵਿੱਚ ਕੱਢਦੀ। ਜਬਰੂਦੀਨ ਵੀ ਆਪਣਾ ਗੁੱਸਾ ਘਰ ਆ ਕੇ ਘਰਵਾਲੀ ਨੂੰ ਕੁੱਟ ਕੇ ਕੱਢਦਾ। ਹਰ ਪਾਸੇ ਉਦਾਸੀਆਂ ਦਾ ਦੌਰ ਸੀ। ਦੇਸ਼ ਦੀ ਆਬਾਦੀ ਲਗਾਤਾਰ ਵੱਧ ਰਹੀ ਸੀ। ਦੇਸ਼ ਨੂੰ ਕਦੇ ਭੁੱਖਮਰੀ ਘੇਰ ਲੈਂਦੀ ਕਦੇ ਕੋਈ ਬਿਮਾਰੀ, ਮਾਫ ਕਰਨਾ ਦੇਸ਼ ਨੂੰ ਨਹੀਂ ਦੇਸ਼ ਦੇ ਗਰੀਬ ਲੋਕਾਂ ਨੂੰ।
ਦੇਸ਼ ਦੀ 70 ਪ੍ਰਤੀਸ਼ਤ ਦੌਲਤ ਦੇਸ਼ ਦੇ 10 ਪ੍ਰਤੀਸ਼ਤ ਲੋਕਾਂ ਦੇ ਹੱਥਾਂ ਵਿੱਚ ਸੀ ਪਰ ਇਹ ਲੋਕ ਵੀ ਸੱਤ ਸਮੁੰਦਰ ਪਾਰ ਦੇਸ਼ ਦੇ ਗੁਲਾਮ ਸਨ। ਹਰ ਕੋਈ ਗੁਲਾਮ ਸੀ ਉਦੋਂ ਵੀ ਤੇ ਗੁਲਾਮ ਹੈ ਅੱਜ ਵੀ। ਓਸ ਦੇਸ਼ ਦਾ ਹਰ ਸ਼ਖਸ ਗੁਲਾਮ ਸੀ, ਮਾਲਕ ਵੀ ਗੁਲਾਮ , ਨੌਕਰ ਤਾਂ ਹੁੰਦੇ ਹੀ ਗੁਲਾਮ ਹਨ ਪਰ ਗੁਲਾਮ ਦੀ ਵੀ ਗੁਲਾਮ ਹੁੰਦੀ ਹੈ, ਮਾਲਕ ਗੁਲਾਮ ਦੀ ਪਤਨੀ, ਨੌਕਰ ਗੁਲਾਮ ਦੀ ਪਤਨੀ। ਔਰਤ ਸਦੀਆਂ ਤੋਂ ਹੀ ਗੁਲਾਮੀ ਦਾ ਸੰਤਾਪ ਭੋਗ ਰਹੀ ਹੈ। ਚਾਹੇ ਉਹ ਕਿਸੇ ਦੇਸ਼ ਦੇ ਮੁਖੀ ਦੀ ਪਤਨੀ ਹੋਵੇ ਜਾਂ ਆਪ ਕਿਸੇ ਦੇਸ ਦੀ ਮੁਖੀ। ਗੁਲਾਮਪੁਰ ਗੁਲਾਮ ਹੀ ਰਹੇਗਾ, ਜਦੋਂ ਤੱਕ ਉੱਥੋਂ ਦੇ ਲੋਕ ਜਾਗਰੂਕ ਨਹੀਂ ਹੁੰਦੇ। ਜਦੋਂ ਤੱਕ ਉੱਥੋਂ ਦੇ ਲੋਕ ਚੰਦ ਰੁਪਿਆਂ ਅਤੇ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਵੇਚਣੋ ਨਹੀਂ ਹੱਟਦੇ। ਜਦੋਂ ਤੱਕ ਉੱਥੋਂ ਦੇ ਔਰਤ ਅਤੇ ਮਰਦ ਸਿੱਖਿਅਕ ਹੋ ਕੇ ਵੀ ਊਚ-ਨੀਚ, ਜਾਤ-ਪਾਤ ਜਹੀ ਬਿਮਾਰ ਸੋਚ ਨੂੰ ਆਪਣੇ ਜ਼ਹਿਨ ਵਿੱਚੋਂ ਨਹੀਂ ਕੱਢਦੇ। ਜਦੋਂ ਤੱਕ ਇੱਕ ਬਰਾਬਰਤਾ ਲਈ ਜੰਗ ਨਹੀਂ ਛੇੜਦੇ। ਜਦ ਤੱਕ ਹਰ ਵਿਅਕਤੀ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਉਂਦਾ, ਉਦੋਂ ਤੱਕ ਗੁਲਾਮ ਹੀ ਰਹੇਗਾ ਗੁਲਾਮਪੁਰ।
– ਚਰਨਜੀਤ ਸਿੰਘ ਰਾਜੌਰ
ਪੰਜਾਬੀ ਅਧਿਆਪਕ
+91 84279 29558