(ਸਮਾਜਵੀਕਲੀ)
ਕੈਰੋਲ (ਬਦਲਿਆ ਹੋਇਆ ਨਾਮ) ਮੇਰੀ ਮਤਾਹਿਤ ਸੀ। ਸਾਡੇ ਸਲਾਨਾ ਸਟਾਫ ਡੇਅ (ਇਕ ਦਿਨ ਜਦੋਂ ਸਾਰੇ ਇੰਗਲੈਂਡ ਤੋਂ ਸਟਾਫ ਇਕ ਥਾਂ ਇਕੱਤਰ ਹੁੰਦਾ ਸੀ) ਲਈ ਕੈਰੋਲ ਨੇ ਮੈਂਨੂੰ ਘਰੋਂ ਲਿਫਟ ਦੇਣ ਲਈ ਪੇਸ਼ਕਸ਼ ਕੀਤੀ ਕਿਉਂਕਿ ਜਿਸ ਸ਼ਹਿਰ ਸਾਡੇ ਸਾਰੇ ਸਟਾਫ ਨੇ ਮਿਲਣਾ ਸੀ ਉੱਥੇ ਜਾਣ ਲਈ ਉਸ ਨੂੰ ਮੇਰੇ ਸ਼ਹਿਰ ਵਿੱਚੋਂ ਹੋ ਕੇ ਲੰਘਣਾ ਪੈਣਾ ਸੀ। ਮੈਂਨੂੰ ਲਿਫਟ ਦੇਣ ਲਈ ਉਸਦਾ ਇਕ ਹੋਰ ਕਾਰਨ ਵੀ ਸੀ। ਉਹ ਇਹ ਕਿ ਕੈਰੋਲ ਇਕ ਅਰਸੇ ਤੋਂ ਡਿਪਰੈਸ਼ਨ ਨਾਲ ਜੂਝ ਰਹੀ ਸੀ ਅਤੇ ਕਾਰ ਚਲਾਉਣ ਲਈ ਸਵੈ-ਵਿਸ਼ਵਾਸ ਨੂੰ ਵਧਾਉਣ ਲਈ ਉਸਨੂੰ ਕਾਰ ਵਿੱਚ ਕਿਸੇ ਦੂਸਰੇ ਵਿਅਕਤੀ ਦੇ ਸਾਥ ਦੀ ਲੋੜ ਵੀ ਸੀ। ਘਰ ਵਾਪਸੀ ਵੇਲੇ ਅਸੀਂ ਸਟਾਫ ਡੇਅ ਬਾਰੇ ਅਤੇ ਆਉਣ ਵਾਲੇ ਦਿਨਾਂ ਵਿੱਚ ਕਰਨ ਵਾਲੇ ਕੰਮਾਂ ਬਾਰੇ ਗੱਲਾਂ ਕਰਦੇ ਰਹੇ ਅਤੇ ਉਸ ਨੂੰ ਕੰਮ ਸੰਬਧੀ ਮੈਂ ਲੋੜੀਦੀਆਂ ਹਦਾਇਤਾਂ ਵੀ ਦਿੱਤੀਆਂ। ਮੈਨੂੰ ਘਰ ਛੱਡ ਉਹ ਖੁਸ਼ੀ-ਖੁਸ਼ੀ ਮੇਰੀ ਗੱਲ ਚੁੰਮਕੇ ਛੇਤੀ ਮਿਲਣ ਲਈ ਕਹਿ ਕੇ ਰਵਾਨਾ ਹੋ ਗਈ।
ਅਗਲੇ ਦਿਨ ਕੈਰੋਲ ਦੇ ਟੀਮ ਲੀਡਰ ਨੇ ਮੈਂਨੂੰ ਫੋਨ ਕਰਕੇ ਦੱਸਿਆ ਕਿ ਕੈਰੋਲ ਕੰਮ ਤੇ ਨਹੀਂ ਆਈ ਅਤੇ ਸੰਭਵ ਹੈ ਕਿ ਉਹ ਕੁਝ ਅਰਸੇ ਤੱਕ ਨਾ ਆ ਸਕੇ। ਮੈਂ ਕਾਫੀ ਹੱਦ ਤੱਕ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਸਾਂ ਇਹ ਸੋਚਕੇ ਕਿ ਕੈਰੋਲ ਦੇ ਨਾ ਆਉਣ ਕਰਕੇ ਕਿੰਨਾ ਕੁਝ ਤਬਦੀਲ ਕਰਨਾ ਪੈਣਾ ਸੀ ਅਤੇ ਕੱਲ ਸ਼ਾਮ ਤੀਕਰ ਤਾਂ ਉਹ ਚੰਗੀ ਭਲੀ ਸੀ। ਕੈਰੋਲ ਲੱਗਭੱਗ ਚਾਰ ਕੁ ਹਫਤਿਆਂ ਬਾਅਦ ਕੰਮ ਤੇ ਵਾਪਸ ਆਈ ਤਦ ਤੱਕ ਮੈਂ ਸ਼ਾਤ ਹੋ ਚੁੱਕਾ ਸੀ ਅਤੇ ਹੋਰਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਡਿਪਰੈਸ਼ਨ ਬਾਰੇ ਅਤੇ ਕੈਰੋਲ (ਇਕ ਪੀੜਤ ਦੇ ਤੌਰ ਤੇ) ਬਾਰੇ ਜਾਨਣ ਅਤੇ ਸਮਝਣ ਲਈ ਤਿਆਰ ਸਾਂ।
ਇਕ ਖਾਸ ਵਕਫੇ ਬਾਅਦ ਕੰਮ ਤੇ ਪਰਤਣ ਵਾਲੇ ਕਰਮਚਾਰੀ ਨਾਲ ਕੰਮ ਤੇ ਨਾ ਆਉਣ ਦਾ ਕਾਰਨ ਜਾਨਣ ਅਤੇ ਇਸਦੇ ਸੰਭਵ ਉਪਾਵਾਂ ਬਾਰੇ ਇਕ ਇੰਟਰਵਿਊ ਕੀਤੀ ਜਾਂਦੀ ਹੈ। ਇਸ ਇੰਟਰਵਿਊ ਲਈ ਮੈਂ ਅਤੇ ਕੈਰੋਲ ਡੈਸਕ ਦੇ ਇਕ ਪਾਸੇ ਹੀ ਬੈਠ ਗਏ ਕਿਉਂਕਿ ਮੈਂ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਸਾਂ ਕਿ ਅਸੀਂ ਦੋ ਵਿਰੋਧੀ ਧਿਰਾਂ ਬਣ ਕੇ ਗੱਲਬਾਤ ਕਰਨ ਬੈਠੇ ਹਾਂ ਬਲਕਿ ਅਸੀਂ ਇਕ ਟੀਮ ਹਾਂ ਅਤੇ ਟੀਮ ਨੂੰ ਆਈ ਸਮੱਸਿਆਂ ਦਾ ਹੱਲ ਭਾਲਣ ਲਈ ਬੈਠੇ ਹਾਂ। ਸਾਡੇ ਬੈਠਣ ਦੇ ਢੰਗ ਨੇ ਕੈਰੋਲ ਲਈ ਕਾਫੀ ਰੀਲੈਕਸਡ ਮਾਹੌਲ ਬਣਾ ਦਿੱਤਾ। ਸਰਸਰੀ ਰਾਜੀ ਖੁਸ਼ੀ ਪੁੱਛਣ ਬਾਅਦ ਮੈਂ ਕਿਹਾ ਕਿ ਕੈਰੋਲ ਕੀ ਤੂੰ ਮੇਰੇ ਨਾਲ ਸਾਂਝਾ ਕਰਨਾ ਚਾਂਹੇਗੀ ਸਾਡੀ ਆਖਰੀਲੀ ਮਲਾਕਾਤ ਤੋਂ ਅੱਜ ਤੱਕ ਦਾ ਤੇਰਾ ਸਮਾਂ ਕਿਵੇਂ ਰਿਹਾ?
ਕੈਰੋਲ ਜੋ ਹੁਣ ਤੱਕ ਕਾਫੀ ਸਹਿਜ (ਰੀਲੈਕਸਡ) ਹੋ ਚੁੱਕੀ ਸੀ ਨੇ ਕਹਿਣਾ ਸ਼ੁਰੂ ਕੀਤਾ। “ਤੂੰ ਸੋਚਦਾ ਹੋਵੇਂਗਾ ਕਿ ਤੈਂਨੂੰ ਛੱਡਣ ਤੱਕ ਤਾਂ ਮੈਂ ਚੰਗੀ ਭਲੀ ਸੀ ਰਾਤੋ ਰਾਤ ਕੀ ਹੋ ਗਿਆ ਪਰ ਸ਼ਾਇਦ ਤੂੰ ਇਹ ਨਹੀਂ ਜਾਣਦਾ ਹੋਵੇਂਗਾ ਕਿ ਡਿਪਰੈਸ਼ਨ ਤੋਂ ਪੀੜਤ ਲੋਕ ਆਪਣੀ ਮਨ ਦੀ ਸਥਿਤੀ ਨੂੰ ਲਕਾਉਣ ਵਿੱਚ ਕਿੰਨੇ ਮਾਹਿਰ ਹੁੰਦੇ ਹਨ ਬਹੁਤ ਵਾਰੀ ਉਹਨਾਂ ਨਾਲ ਰਹਿੰਦੇ ਘਰ ਦੇ ਜੀਆਂ ਨੂੰ ਵੀ ਉਹਨਾਂ ਦੀ ਮਨੋ-ਸਥਿਤੀ ਦਾ ਪਤਾ ਨਹੀਂ ਲਗਦਾ”। ਕੈਰੋਲ ਬੋਲਦੀ ਗਈ, “ਇਹ ਬੁਹਤ ਭੈੜੀ ਬੀਮਾਰੀ ਹੈ ਕੋਈ ਇਨਸਾਨ ਨਿਰਾਸ਼ਾ ਦੀਆਂ ਕਿਹੜੀਆਂ ਡੂੰਘਾਈਆਂ ਤੱਕ ਜਾ ਸਕਦਾ ਹੈ ਆਮ ਇਨਸਾਨ ਇਸਦਾ ਅੰਦਾਜਾ ਨਹੀਂ ਲਗਾ ਸਕਦਾ। ਜੇ ਮੈਂ ਅੱਜ ਤੇਰੇ ਸਾਹਮਣੇ ਬੈਠੀ ਹਾਂ ਤਾਂ ਸਿਰਫ ਇਸ ਕਰਕੇ ਕਿਉਂਕਿ ਮੇਰੇ ਕੋਲ ਮੈਂਨੂੰ ਸਮਝਣ ਅਤੇ ਦੇਖਭਾਲ ਕਰਨ ਵਾਲੇ ਪਰਿਵਾਰਿਕ ਮੈਂਬਰ ਅਤੇ ਅਹਿਸਾਸ ਰੱਖਣ ਵਾਲੇ ਸਹਿਕਰਮੀ ਹਨ”। ਕੈਰੋਲ ਕਾਫੀ ਲੰਬਾ ਸਮਾਂ ਬੋਲਦੀ ਰਹੀ। ਉਸਨੂੰ ਸੁਣਨ ਤੋਂ ਬਾਅਦ ਮੈਂ ਸਿਰਫ਼ ਇਤਨਾ ਹੀ ਕਹਿ ਸਕਿਆ ਕਿ ਅਗਰ ਮੈਂ ਤੇਰੀ ਕੋਈ ਮੱਦਦ ਕਰ ਸਕਦਾ ਹੋਵਾਂ ਇਕ ਸਹਿਕਰਮੀ ਦੇ ਤੌਰ ਤੇ ਜਾਂ ਦੋਸਤ ਦੇ ਤੌਰ ਤੇ ਤਾਂ ਮੈਂਨੂੰ ਨਿਝੱਜਕ ਹੋ ਕੇ ਦੱਸੀਂ ਮੈਂਨੂੰ ਤੇਰੀ ਮੱਦਦ ਕਰਕੇ ਖੁਸ਼ੀ ਹੋਵੇਗੀ।
ਹਾਲ ਹੀ ਵਿੱਚ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਕਾਰਨਾਂ ਦੀਆਂ ਕਿਆਸ ਅਰਾਂਈਆਂ, ਜਿਹਨਾਂ ਵਿੱਚ ਉਸਦੇ ਡਿਪਰੈਸ਼ਨ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ, ਨੇ ਮੈਂਨੂੰ ਇਹ ਵਾਕਿਆ ਫਿਰ ਯਾਦ ਕਰਵਾ ਦਿੱਤਾ ਹੈ। ਜਿਸ ਕਿੱਤੇ ਨਾਲ ਸੁਸ਼ਾਂਤ ਜੁੜਿਆ ਹੋਇਆ ਸੀ ਉਹ ਕਾਫੀ ਤਣਾਅ ਪੂਰਨ ਹੈ ਕਿਉਂਕਿ ਹਰ ਵਕਤ ਲੋਕ ਰਾਏ ਦੀ ਚਿੰਤਾ ਲੱਗੀ ਰਹਿੰਦੀ ਹੈ ਅਤੇ ਇਕ ਦੂਸਰੇ ਨੂੰ ਥੱਲੇ ਸੁੱਟ ਕੇ ਉਪਰ ਉੱਠਣ ਦੀ ਨਿਰੰਤਰ ਦੌੜ ਵਿੱਚ ਬਚਕੇ ਰਹਿਣ ਦੀ ਕਵਾਇਦ ਬੁਹਤ ਮਾਨਸਿਕ ਥਕੇਵੇਂ ਵਾਲੀ ਹੁੰਦੀ ਹੈ। ਹਰ ਵਕਤ ਬਣਾਵਟੀ ਲੋਕਾਂ ਵਿੱਚ ਘਿਰੇ ਰਹਿਣ ਦੇ ਬਾਵਜੂਦ ਖੜੇ ਰਹਿਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਭਾਂਵੇ ਸੁਸ਼ਾਂਤ ਨੇ ਕਿੰਨਾ ਵੀ ਵਧੀਆ ਸੰਤੁਸ਼ਟੀ ਦਾ ਮਖੌਟਾ ਪਹਿਨ ਰੱਖਿਆ ਸੀ ਪਰ ਸ਼ਾਇਦ ਉਹ ਧੁਰ ਅੰਦਰੋਂ ਨਿਰਾਸ਼ਾ ਦੀਆਂ ਡੂੰਘਾਣਾ ‘ਚ ਇਕੱਲਾ ਹੀ ਗੋਤੇ ਖਾ ਰਿਹਾ ਸੀ ਅਤੇ ਇਸ ਵਾਰ ਉਹ ਉੱਭਰ ਨਹੀਂ ਸਕਿਆ ਅਤੇ ਇਸਦੀ ਕੀਮਤ ਉਸਨੇ ਆਪਣੀ ਜਾਨ ਗੁਆ ਕੇ ਦਿੱਤੀ।
ਕਰੋਨਾ ਵਾਇਰਸ ਕਰਕੇ ਹੋਈ ਤਾਲਾਬੰਦੀ ਨੇ ਬਹੁਤ ਸਾਰੇ ਲੋਕਾਂ ਲਈ ਗੰਭੀਰ ਆਰਥਿਕ, ਸਮਾਜਿਕ ਅਤੇ ਸਿਹਤ ਖਾਸ ਕਰਕੇ ਮਾਨਸਿਕ ਸਿਹਤ ਸੰਬੰਧੀ ਚਣੌਤੀਆਂ ਖੜੀਆਂ ਕੀਤੀਆਂ ਹਨ। ਇਹਨਾਂ ਚੌਣਤੀਆਂ ਕਰਕੇ ਕੁਝ ਨਿਰਾਸ਼ਾ ਦਾ ਹੋਣਾ ਸੁਭਾਵਿਕ ਹੈ। ਅਗਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਨਿਰਾਸ਼ਾ ਜਾਂ ਉਦਾਸੀ ਲੰਬੀ ਹੁੰਦੀ ਜਾ ਰਹੀ ਹੈ ਤਾਂ ਇਸ ਵੱਲ ਜਿਤਨੀ ਜਲਦ ਹੋ ਸਕੇ ਧਿਆਨ ਦਿਓ। ਇਸ ਨੂੰ ਅੱਖੋਂ ਪਰੋਖੇ ਨਾ ਕਰੋ। ਮਾਨਸਿਕ ਸਿਹਤ ਦੇ ਲੱਛਣ ਜਿਆਦਾਤਰ ਸਰੀਰਿਕ ਤੌਰ ਤੇ ਹੀ ਜ਼ਾਹਰ ਹੁੰਦੇ ਹਨ। ਡਿਪਰੈਸ਼ਨ ਦੇ ਆਮ ਲੱਛਣਾਂ ਵਿੱਚ ਹੇਠ ਲਿਖੇ ਲੱਛਣ ਹੋ ਸਕਦੇ ਹਨ।
- ਮਨ ਦਾ ਆਮ ਨਾਲੋਂ ਜ਼ਿਆਦਾ ਦੇਰ ਤੱਕ ਉਦਾਸ ਰਹਿਣਾ ਜਾਂ ਨਿਰਾਸ਼ਾਜਨਕ ਮਹਿਸੂਸ ਕਰਨਾ
- ਆਪਣਾ ਅੰਤ ਕਰ ਲੈਣ ਲਈ ਮਨ ਕਰਨਾ ਕਿਉਂਕਿ ਤੁਹਾਨੂੰ ਆਪਣੀ ਮੁਸ਼ਕੱਲ ਦਾ ਹੱਲ ਨਹੀਂ ਦਿਸ ਰਿਹਾ
- ਆਪਣੀ ਦੇਖਭਾਲ, ਰਹਿਣ ਸਹਿਣ ਵੱਲ ਧਿਆਨ ਦੇਣ ਨੂੰ ਮਨ ਨਾ ਕਰਨਾ
- ਭੁੱਖ ਦਾ ਘੱਟ ਲੱਗਣਾ ਜਾਂ ਬੇਲੋੜਾ ਖਾਣਾ, ਖਾਸ ਕਰਕੇ ਸਵਾਦੀ ਪਰ ਸਿਹਤ ਲਈ ਹਾਨੀਕਾਰਕ, ਹੀ ਖਾਈ ਜਾਣਾ
- ਚੁੱਪ ਰਹਿਣਾ। ਕਿਸੇ ਨਾਲ ਗੱਲਬਾਤ ਕਰਨ ਜਾਂ ਬਾਹਰ ਨਿਕਲਣ ਲਈ ਮਨ ਨਾ ਕਰਨਾ
- ਰਿਸ਼ਤਿਆਂ ਵਿੱਚ ਰੁਚੀ ਨਾ ਰਹਿਣਾ। ਖਾਸ ਕਰਕੇ ਪਤੀ ਪਤਨੀ ਦੇ ਸਰੀਰਿਕ ਸੰਬੰਧਾਂ ‘ਚ ਰੁਚੀ ਨਾ ਰਹਿਣਾ
- ਸੁਭਾਅ ਦਾ ਚਿੜਚਿੜਾ ਹੋ ਜਾਣਾ। ਗੱਲ ਗੱਲ ਤੇ ਗੁੱਸਾ ਆਉਣਾ
- ਨੀਦ ਦਾ ਨਾ ਆਉਣਾ ਜਾਂ ਜ਼ਿਆਦਾ ਆਉਣਾ
- ਹਰ ਵਕਤ ਥੱਕੇ ਥੱਕੇ ਮਹਿਸੂਸ ਕਰਨਾ
ਇਹ ਕੁਝ ਕੁ ਲੱਛਣ ਹਨ। ਅਗਰ ਤੁਹਾਡੀ ਰੁਟੀਨ ਅਚਾਨਕ ਬਿਨਾਂ ਕਿਸੇ ਕਾਰਨ ਦੇ ਬਦਲ ਰਹੀ ਹੈ ਜਾਂ ਬਦਲ ਗਈ ਹੈ ਤਾਂ ਇਸਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਕਿਸੇ ਸਨੇਹੀ ਨਾਲ ਜ਼ਰੂਰ ਸਾਂਝਾ ਕਰੋ। ਜੇਕਰ ਤੁਸੀਂ ਇਹ ਤਬਦੀਲੀਆਂ ਆਪਣੇ ਕਿਸੇ ਪਰਿਵਾਰਿਕ ਮੈਂਬਰ ਜਾਂ ਨਜ਼ਦੀਕੀ ਵਿਅਕਤੀ ਵਿੱਚ ਦੇਖਦੇ ਹੋ ਤਾਂ ਉਹਨਾਂ ਦਾ ਧਿਆਨ ਇਸ ਵੱਲ ਦਿਵਾਓ ਅਤੇ ਉਹਨਾਂ ਨੂੰ ਪੜ੍ਹੇ-ਲਿਖੇ ਮਾਹਿਰ ਦੀ ਮੱਦਦ ਲੈਣ ਲਈ ਕਹੋ ਜਾਂ ਤਰਕਸ਼ੀਲ ਸੁਸਾਇਟੀ ਨਾਲ ਵੀ ਰਾਬਤਾ ਕਰਨ ਲਈ ਕਹੋ।
ਦੂਸਰੀਆਂ ਸਰੀਰਿਕ ਬੀਮਾਰੀਆਂ ਦੀ ਤਰ੍ਹਾਂ ਮਾਨਸਿਕ ਬੀਮਾਰੀਆਂ ਦੇ ਇਲਾਜ ਲਈ ਬਹੁਤ ਸਾਰੀ ਮੱਦਦ NHS ਤੋਂ ਬਿਲਕੁਲ ਮੁਫ਼ਤ ਮਿਲਦੀ ਹੈ। ਇਸਦੇ ਲਈ ਤੁਸੀਂ ਆਪਣੇ GP ਨਾਲ ਗੱਲ ਕਰੋ ਉਹ ਤੁਹਾਨੂੰ ਅੱਗੇ ਕਿਸੇ ਮਾਨਸਿਕ ਬੀਮਾਰੀਆਂ ਦੇ ਮਾਹਿਰ ਕੋਲ ਭੇਜ ਦੇਵੇਗਾ। ਕਈ ਬੀਮਾਰੀਆਂ ਦਾ ਸ਼ੁਰੂਆਤੀ ਦੌਰ ਵਿੱਚ ਗੱਲਬਾਤ-ਵਿਧੀ (Talking Therapy) ਨਾਲ ਵੀ ਇਲਾਜ ਹੋ ਸਕਦਾ ਹੈ। ਇਸ ਲਈ ਤੁਸੀਂ ਕਿਸੇ ਮਾਨਸਿਕ ਸਿਹਤ ਲਈ ਕੰਮ ਕਰਦੀ ਚੈਰੇਟੀ, ਜਿਵੇਂ ਕਿ Mind Charity, ਨਾਲ ਵੀ ਰਾਬਤਾ ਕਰ ਸਕਦੇ ਹੋ। ਅਗਰ ਫਿਰ ਵੀ ਤੁਹਾਨੂੰ ਕੋਈ ਰਾਹ ਨਹੀਂ ਲੱਭ ਰਿਹਾ ਤਾਂ ਤੁਸੀਂ ਸਾਡੇ ਨਾਲ ਭਾਵ ਤਰਕਸ਼ੀਲ ਸੁਸਾਇਟੀ ਨਾਲ ਵੀ ਰਾਬਤਾ ਕਰ ਸਕਦੇ ਹੋ।
- – Navdeep Singh
- Asian Rationalist Society Britain (ਤਰਕਸ਼ੀਲ ਸੁਸਾਇਟੀ, ਯੂ.ਕੇ.)
- Mobile: +44 7813 009 363
- Email: [email protected]