ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਸੰਗਠਿਤ ਬਾਲ ਸੁਰੱਖਿਆ ਸਕੀਮ ਦੀ ਸਪਾਂਸਰਸ਼ਿਪ ਯੋਜਨਾ ਤਹਿਤ 1 ਲੱਖ 80 ਹਜ਼ਾਰ ਰੁਪੈ ਦੀ ਰਾਸ਼ੀ ਦੇ ਚੈਕ ਲੋੜਵੰਦ ਬੱਚਿਆਂ ਦੀ ਤਕਸੀਮ ਕੀਤੇ ਗਏ। ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਲੋੜਵੰਦਾਂ ਨੂੰ ਚੈਕ ਵੰਡਣ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਲੋੜਵੰਦ ਪਰਿਵਾਰਾਂ ਦੇ ਬੱਚੇ ਜੋ ਕਿ ਸਕੂਲ ਜਾਂਦੇ ਹਨ, ਨੂੰ ਪ੍ਰਤੀ ਮਹੀਨਾ 2000 ਰੁਪੈ ਦੀ ਰਾਸ਼ੀ ਦਿੱਤੀ ਜਾਂਦੀ ਹੈ, ਜਿਸ ਨਾਲ ਨਾ ਸਿਰਫ ਉਸਦੀ ਪੜਾਈ ਵਿਚ ਵਿੱਤੀ ਸਹਾਇਤਾ ਮਿਲਦੀ ਹੈ ਸਗੋਂ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਜਿਵੇਂ ਕਿ ਭੀਖ ਮੰਗਣਾ, ਬਾਲ ਵਿਆਹ ਤੇ ਬਾਲ ਕਿਰਤ ਆਦਿ ਨੂੰ ਰੋਕਣ ਵਿਚ ਸਹਾਇਤਾ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰੋਗਰਾਮ ਅਫਸਰ ਤੇ ਬਾਲ ਸੁਰੱਖਿਆ ਕਮੇਟੀ ਨੂੰ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਇਸ ਯੋਜਨਾ ਦਾ ਹਰ ਯੋਗ ਲਾਭਪਾਤਰੀ ਬੱਚੇ ਨੂੰ ਲਾਭ ਮਿਲਣਾ ਯਕੀਨੀ ਬਣਾਉਣ ਤਾਂ ਜੋ ਬਾਲ ਅਧਿਕਾਰਾਂ ਦੀ ਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਸਿੱਖਿਆ ਨੂੰ ਵੀ ਹੁਲਾਰਾ ਦਿੱਤਾ ਜਾ ਸਕੇ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ, ਜਿਲ੍ਹਾ ਬਾਲ ਸੁਰੱਖਿਆ ਅਫਸਰ ਯੋਗੇਸ਼ ਕੁਮਾਰੀ, ਬਾਲ ਭਲਾਈ ਕਮੇਟੀ ਦੇ ਚੇਅਰਮੈਨ ਡਾ. ਬਲਬੀਰ ਸਿੰਘ ਮੁਲਤਾਨੀ ਤੇ ਜਿਲਾ ਬਾਲ ਸੁਰੱਖਿਆ ਯੂਨਿਟ ਕਪੂਰਥਲਾ ਦੇ ਸਾਰੇ ਮੈਂਬਰ ਮੌਜੂਦ ਸਨ।