ਫਿਲੌਰ, (ਸਮਾਜਵੀਕਲੀ) – ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਰਾਹੀਂ ਕਿਹਾ ਕੇ ਦੇਸ਼ ਭਰ ਵਿੱਚ ਕਰੋਨਾ ਵਾਇਰਸ ਕਰਕੇ ਬਹੁਤ ਮਾੜਾ ਹਾਲ ਹੈ ਲੋਕ ਇਸ ਮਸਲੇ ਵਿੱਚ ਸਰਕਾਰ ਦਾ ਸਹਿਯੋਗ ਕਰ ਰਹੇ ਹਨ । ਪਰ ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਵਿਚ ਫੇਲ੍ਹ ਹੈ ਗਰੀਬ ਲੋਕ ਬਹੁਤ ਦੁਖੀ ਹਨ। ਕੋਈ ਵੀ ਸਹੂਲਤ ਲੋੜਬੰਦ ਲੋਕਾਂ ਤੱਕ ਸਹੀ ਰੂਪ ਵਿਚ ਨਹੀਂ ਪੁੱਜ ਰਹੀ ਹਰ ਸਕੀਮ ਦਾ ਕਾਂਗਰਸੀਕਰਨ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਸਰਕਾਰ ਦੀ ਧਿਰ ਦੇ ਲੋਕ ਧੱਕਾ ਕਰ ਰਹੇ ਹਨ ਅਤੇ ਕਈ ਜਗਾ ਪੁਲਿਸ ਵੀ ਆਮ ਲੋਕਾਂ ਨਾਲ ਧੱਕਾ ਕਰ ਰਹੀ ਹੈ, ਡਿਪੂਆਂ ਵਾਲੇ ਵੀ ਸਮਾਨ ਘੱਟ ਦੇ ਰਹੇ ਹਨ।
ਉਹਨਾਂ ਕਿਹਾ ਕਿ ਕਿੰਨੇ ਦਿਨਾਂ ਤੱਕ ਧੱਕੇ ਨਾਲ ਲੋਕਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾ ਸਕਦਾ ਹੈ ਜੇਕਰ ਲੋੜਵੰਦਾਂ ਤੱਕ ਰਾਸ਼ਨ ਨਾ ਪੁੱਜਾ ਤਾ ਇਕ ਨਾ ਇਕ ਦਿਨ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਵੇਗਾ ਲੋਕ ਸੜਕਾਂ ਤੇ ਆ ਜਾਣਗੇ। ਸ਼੍ਰੀ ਭੌਂਸਲੇ ਨੇ ਕਿਹਾ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸਰਬ ਪਾਰਟੀ ਮੀਟਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਜ਼ਿਲ੍ਹਾ ਜਲੰਧਰ ਅੰਦਰ ਜੋ ਲੋਕਾਂ ਦੀਆ ਸਮੱਸਿਆਵਾਂ ਹਨ ਉਹਨਾਂ ਨੂੰ ਪ੍ਰਸ਼ਾਸ਼ਨ ਦੇ ਕੋਲ ਚੁੱਕਿਆ ਜਾ ਸਕੇ ਤੇ ਉਸਦਾ ਹਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਗਰੀਬਾਂ ਦੀ ਸੁਣਵਾਈ ਨਹੀਂ ਹੋਈ ਤਾਂ ਮਜ਼ਬੂਰਨ ਬਸਪਾ ਨੂੰ ਸੰਘਰਸ਼ ਕਰਨਾ ਪਵੇਗਾ।