ਕੋਵਿਡ-19 ਦੇ ਮੱਦੇਨਜ਼ਰ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ
ਕਪੂਰਥਲਾ, 9 ਜੂਨ (ਕੌੜਾ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕੋਵਿਡ-19 ਦੇ ਮੱਦੇਨਜ਼ਰ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਾਲ ਮਹਿਕਮੇ ਨਾਲ ਸਬੰਧਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਕੋਵਿਡ-19 ਕਾਰਨ ਕਾਫੀ ਸਮਾਂ ਤੋਂ ਬਾਅਦ ਹੁਣ ਮਾਲ ਮਹਿਕਮੇ ਦਾ ਰੁਕਿਆ ਕੰਮ ਦੁਬਾਰਾ ਸ਼ੁਰੂ ਹੋ ਚੁੱਕਾ ਹੈ।
ਇਸ ਲਈ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਸ਼ਾਨਦੇਹੀ, ਸ਼ਾਮਲਾਟ ਜ਼ਮੀਨਾਂ ਦੀ ਨਿਲਾਮੀ ਅਤੇ ਜਮਾਂਬੰਦੀਆਂ ਆਦਿ ਦੇ ਕੰਮਾਂ ਵਿਚ ਤੇਜ਼ੀ ਲਿਆਉਣ। ਉਨਾਂ ਇਹ ਵੀ ਹਦਾਇਤ ਕੀਤੀ ਕਿ ਬਕਾਇਆ ਕੇਸਾਂ ਦਾ ਨਿਪਟਾਰਾ ਯੋਜਨਾਬੱਧ ਢੰਗ ਨਾਲ ਜਲਦ ਨਿਪਟਾਰਾ ਕੀਤਾ ਜਾਵੇ। ਉਨਾਂ ਸਮੂਹ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਆਦੇਸ਼ ਦਿੱਤੇ ਕਿ ਉਹ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਸਬੰਧੀ ਆਪਣੇ ਪੱਧਰ ’ਤੇ ਵੀ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਕੰਮਾਂ ਦਾ ਲਗਾਤਾਰ ਮੁਲਾਂਕਣ ਕਰਨ।
ਉਨਾਂ ਇਹ ਵੀ ਕਿਹਾ ਕਿ ਸੇਵਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਲੋਕਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਜ਼ਮੀਨੀ ਰਿਕਾਰਡ ਦੇ ਕੰਪਿੳੂਟਰੀਕਰਨ ਅਤੇ ਸੇਵਾ ਕੇਂਦਰਾਂ ਦੇ ਕੰਮਕਾਜ਼ ਦੀ ਸਮੀਖਿਆ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਕੋਵਿਡ-19 ਦੇ ਚੱਲਦਿਆਂ ਫਰਦ ਕੇਂਦਰਾਂ ਅਤੇ ਸੇਵਾ ਕੇਂਦਰਾਂ ਵਿਚ ਸੋਸ਼ਲ ਡਿਸਟੈਂਸਿੰਗ ਅਤੇ ਹੋਰਨਾਂ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨਾਂ ਸਮੂਹ ਐਸ. ਡੀ. ਐਮਜ਼ ਨੂੰ ਹਦਾਇਤ ਕੀਤੀ ਕਿ ਪੁਲਿਸ ਵਿਭਾਗ ਨਾਲ ਤਾਲਮੇਲ ਨਾਕਿਆਂ, ਬੱਸ ਸਟੈਂਡਾਂ ਅਤੇ ਹੋਰਨਾਂ ਜਨਤਕ ਥਾਵਾਂ ’ਤੇ ਪੂਰੀ ਚੌਕਸੀ ਰੱਖੀ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਤਹਿਸੀਲਦਾਰ ਕਪੂਰਥਲਾ ਸ. ਮਨਬੀਰ ਸਿੰਘ ਢਿੱਲੋਂ, ਜ਼ਿਲਾ ਸਿਸਟਮ ਮੈਨੇਜਰ ਸ੍ਰੀਮਤੀ ਗਗਨਦੀਪ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ ਜਦਕਿ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ੍ਰੀ ਰਾਜੀਵ ਵਰਮਾ, ਐਸ. ਡੀ. ਐਮ ਫਗਵਾੜਾ ਸ੍ਰੀ ਪਵਿੱਤਰ ਸਿੰਘ, ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ, ਤਹਿਸੀਲਦਾਰ ਫਗਵਾੜਾ ਸ੍ਰੀ ਨਵਦੀਪ ਸਿੰਘ ਅਤੇ ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿਚ ਸ਼ਿਰਕਤ ਕੀਤੀ।