ਜਲੰਧਰ (ਸਮਾਜ ਵੀਕਲੀ): ਪੰਜਾਬ ਦੇ ਅੰਬੇਡਕਰੀਆਂ ਨੇ ਲਾਹੌਰੀ ਰਾਮ ਬਾਲੀ, ਸੰਪਾਦਕ ਭੀਮ ਪਤ੍ਰਿਕਾ, ਜਿਨ੍ਹਾਂ ਨੇ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ਹੈ, ਦੀ ਅਗੁਆਈ ਵਿਚ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ਸ਼ੀਲ ਵਿਸ਼ਵ-ਪ੍ਰਸਿੱਧ ਚਿੰਤਕ, ਲੇਖਕ ਅਤੇ ਬੁੱਧੀਜੀਵੀ ਡਾ. ਆਨੰਦ ਤੇਲਤੁੰਬੜੇ ਨੇ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ, 14 ਅਪ੍ਰੈਲ 2020 ਨੂੰ ਮੁੰਬਈ ਵਿਖੇ ਰਾਸ਼ਟਰੀ ਜਾਂਚ ਏਜੰਸੀ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ. ਅਨੰਦ ਤੇਲਤੁੰਬੜੇ ਬਾਬਾ ਸਾਹਿਬ ਡਾ ਅੰਬੇਡਕਰ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ. ਉਹ ਡਾ. ਅੰਬੇਡਕਰ ਦੀ ਪੋਤੀ ਰਮਾ ਦੇ ਪਤੀ ਹਨ ।
ਸ਼੍ਰੀ ਬਾਲੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨਹੀਂ ਚਾਹੁੰਦੀ ਸੀ ਕਿ ਭੀਮਾਂ ਕੋਰੇਗਾਓਂ ਨਾਲ ਜੁੜੇ ਅਪਰਾਧਿਕ ਕੇਸ ਨੂੰ ਆਨੰਦ ਤੇਲਤੁੰਬੜੇ ਖਿਲਾਫ ਜਾਰੀ ਰੱਖਿਆ ਜਾਵੇ। ਪਰ ਕੇਂਦਰ ਸਰਕਾਰ ਨੇ ਇਹ ਕੇਸ ਕੌਮੀ ਜਾਂਚ ਏਜੰਸੀ ਨੂੰ ਦੇ ਕੇ ਮਹਾਰਾਸ਼ਟਰ ਸਰਕਾਰ ਦੇ ਵਿਚਾਰ ਨੂੰ ਤੈਸ਼-ਨੈਸ਼ ਕਰ ਦਿੱਤਾ। ਪੂਰੇ ਭਾਰਤ ਦੇ ਅੰਬੇਡਕਰੀ ਅਤੇ ਤਰਕਸ਼ੀਲ ਲੋਕ, ਆਨੰਦ ਤੇਲਤੁੰਬੜੇ ਵਿਰੁੱਧ ਕੇਸ ਨੂੰ ਬਾਬਾ ਸਾਹਿਬ ਡਾ: ਅੰਬੇਡਕਰ ਦੇ ਪਰਿਵਾਰ ਨੂੰ ਕੁਚਲਣ ਦੀ ਸਾਜਿਸ਼ ਵਜੋਂ ਵੇਖਦੇ ਹਨ। ਵਿਦੇਸ਼ਾਂ ਵਿੱਚ ਵੀ ਭਾਰਤ ਸਰਕਾਰ ਖ਼ਿਲਾਫ਼ ਸਖ਼ਤ ਆਲੋਚਨਾ ਹੋ ਰਹੀ ਹੈ।
ਸ਼੍ਰੀ ਬਾਲੀ ਨੇ ਅੱਗੇ ਕਿਹਾ ਕਿ ਸਮੂਹ ਅੰਬੇਡਕਰੀ ਅਤੇ ਤਰਕਸ਼ੀਲ ਲੋਕ ਮੰਗ ਕਰਦੇ ਹਾਂ ਕਿ ਆਨੰਦ ਤੇਲਤੁੰਬੜੇ ਖ਼ਿਲਾਫ਼ ਕੇਸ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਵਧੀਕੀਆਂ ਅਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਣੀ ਚਾਹੀਦੀ।
(ਲਾਹੌਰੀ ਰਾਮ ਬਾਲੀ)
ਸੰਪਾਦਕ, ਭੀਮ ਪਤ੍ਰਿਕਾ
ਮੋਬਾਈਲ: 98723 21664