ਸੰਵਿਧਾਨ ਬਾਬਤ ਸਾਜਿਸ਼ ਬੰਦ ਕਰੋ – ਬਾਲੀ
ਜਲੰਧਰ (ਸਮਾਜ ਵੀਕਲੀ) : ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ ਮੁਖ ਮਾਰਗਦਰਸ਼ਕ ਅਤੇ ਉਘੇ ਅੰਬੇਡਕਰਵਾਦੀ ਲਾਹੌਰੀ ਰਾਮ ਬਾਲੀ ਨੇ ਪ੍ਰੈਸ ਦੇ ਨਾਂ ਇੱਕ ਬਿਆਨ ਵਿਚ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਣ ਬਾਬਤ ਕੁਝ ਵਿਅਕਤੀ ਸੋਚੀ ਸਮਝੀ ਸਾਜਿਸ਼ ਤਹਿਤ ਆਮ ਲੋਕਾਂ ‘ਚ ਗ਼ਲਤ ਸੂਚਨਾਵਾਂ ਫੈਲਾ ਰਹੇ ਹਨ। ਕੁਝ ਸਮਾਂ ਪਹਿਲਾਂ ਅਰੁਣ ਸ਼ੌਰੀ ਨੇ ‘ਵਰਸ਼ਿਪਇੰਗ ਫਾਲ੍ਸ ਗੋਡਸ’ ਅਰਥਾਤ ‘ਝੂਠੇ ਦੇਵਤਿਆਂ ਦੀ ਪੂਜਾ’ ਦੇ ਸਿਰਲੇਖ ਹੇਠ ਪੁਸਤਕ ਲਿਖ ਕੇ ਸੰਵਿਧਾਨ ਸੰਬੰਧੀ ਬੇਬੁਨਿਆਦ ਟਿੱਪਣੀਆਂ ਕੀਤੀਆਂ ਸਨ ਜਿਸ ਕਰਕੇ ਉਸ ਨੂੰ ਮੂੰਹ ਦੀ ਖਾਣੀ ਪਈ। ਉਸ ਤੋਂ ਕਾਫੀ ਦੇਰ ਬਾਅਦ ਹੁਣ ਹਾਲ ਹੀ ਵਿਚ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਾਜਿੰਦਰ ਤ੍ਰਿਵੇਦੀ ਨੇ ਕਿਹਾ, “ਡਾ. ਬੀ ਆਰ ਅੰਬੇਡਕਰ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਸਿਹਰਾ ਬੀ.ਐਨ. ਰਾਉ ਨੂੰ ਦਿੱਤਾ ਸੀ ਜੋ ਇੱਕ ਬ੍ਰਾਹਮਣ ਸੀ।” ਤ੍ਰਿਵੇਦੀ ਨੇ ਕਿਹਾ, “ਇਹ ਰਾਉ ਹੀ ਸੀ ਜਿਸ ਨੇ ਅੰਬੇਡਕਰ ਨੂੰ ਅੱਗੇ ਰੱਖਿਆ।” ਬੀ.ਐਨ. ਰਾਉ ਸੰਵਿਧਾਨ ਦਾ ਸੰਵਿਧਾਨਕ ਸਲਾਹਕਾਰ ਸੀ ਇਸ ਲਈ ਜੋ ਉਸਦੀ ਜਿੰਮੇਦਾਰੀ ਲਗਾਈ, ਉਸਨੇ ਪੂਰੀ ਕੀਤੀ. ਸੰਵਿਧਾਨ ਦਾ ਪਹਿਲਾ ਖਰੜਾ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਵਿਧਾਨ ਸਭਾ ਦੇ ਪ੍ਰਧਾਨ ਨੂੰ 4 ਨਵੰਬਰ, 1948 ਨੂੰ ਸੰਵਿਧਾਨ ਸਭਾ ਦੇ ਵਿਚਾਰ ਵਾਸਤੇ ਪੇਸ਼ ਕੀਤਾ।
ਡਰਾਫਟ ਕਮੇਟੀ ਵਿੱਚ ਸੱਤ ਮੈਂਬਰ ਸਨ। ਉਹ ਸਨ: ਬੀ.ਆਰ. ਅੰਬੇਡਕਰ –ਚੇਅਰਮੈਨ ਅਤੇ ਬਾਕੀ ਛੇ ਅਲਾਦੀ ਕ੍ਰਿਸ਼ਨ ਸਵਾਮੀ, ਐਨ. ਗੋਪਾਲਾ ਸਵਾਮੀ ਅਯਾਨਗਰ, ਕੇ. ਐੱਮ. ਮੁਨਸ਼ੀ, ਬੀ ਐਲ ਮਿੱਤਰ, ਡੀ. ਪੀ. ਖੇਤਾਨ ਅਤੇ ਸਯਦ ਮੁਹੰਮਦ ਸਦੁੱਲਾ ਮੈਂਬਰ ਸਨ। ਬੀ ਐਲ ਮਿੱਤਰ ਨੇ 13 ਅਕਤੂਬਰ, 1947 ਨੂੰ ਅਸਤੀਫਾ ਦੇ ਦਿੱਤਾ ਸੀ ਅਤੇ 5 ਦਸੰਬਰ, 1947 ਨੂੰ ਐੱਨ. ਮਾਧਵ ਰਾਓ ਨੂੰ ਉਨ੍ਹਾਂ ਦੀ ਥਾਂ ਲਿਆ ਗਿਆ ਸੀ। ਡੀ ਪੀ ਖੇਤਾਨ ਦੀ ਮੌਤ ਹੋ ਗਈ ਸੀ ਅਤੇ 5 ਫਰਵਰੀ, 1949 ਨੂੰ ਟੀ.ਟੀ.ਕ੍ਰਿਸ਼ਨਮਾਚਾਰੀ ਨੂੰ ਉਨ੍ਹਾਂ ਦੀ ਥਾਂ ਲਿਆਂਦਾ ਗਿਆ ਸੀ।
ਸ਼੍ਰੀ ਬਾਲੀ ਨੇ ਕਿਹਾ ਕਿ ਟੀ. ਟੀ. ਕ੍ਰਿਸ਼ਨਮਚਾਰੀ ਨੇ ਡਾ. ਭੀਮ ਰਾਓ ਅੰਬੇਡਕਰ ਦੇ ਸਮਰਪਣ ਯੋਗਦਾਨ ਬਾਰੇ ਸੰਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ, ”ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਚੁਣੇ ਗਏ ਸੱਤ ਮੈਂਬਰਾਂ ਵਿੱਚੋਂ ਇੱਕ ਨੇ ਅਸਤੀਫਾ ਦੇ ਦਿੱਤਾ, ਇੱਕ ਦੀ ਮੌਤ ਹੋ ਗਈ, ਇੱਕ ਅਮਰੀਕਾ ਰਵਾਨਾ ਹੋਇਆ, ਕੋਈ ਸ਼ਾਹੀ ਰਾਜ ਵਿੱਚ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ, ਇਕ ਜਾਂ ਦੋ ਲੋਕ ਦਿੱਲੀ ਤੋਂ ਦੂਰ ਰਹਿੰਦੇ ਸਨ, ਕੁਝ ਨੇ ਸਿਹਤ ਦੇ ਕਾਰਨਾਂ ਕਰਕੇ ਬਹਾਨਾ ਬਣਾਇਆ ਸੀ, ਡਾ. ਅੰਬੇਡਕਰ ਹੀ ਇਕਲੌਤੇ ਵਿਅਕਤੀ ਸਨ ਜਿਨ੍ਹਾਂ ਨੂੰ ਇਹ ਝੱਲਣਾ ਪਿਆ।”
ਭਾਰਤ ਦੇ ਪਹਿਲੇ ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਨੇ, ਸੰਵਿਧਾਨ ਨਿਰਮਾਣ ਵਿੱਚ ਡਾ. ਬਾਬਾ ਸਾਹਿਬ ਦੁਆਰਾ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਮੈਂ ਰਾਸ਼ਟਰਪਤੀ ਦੇ ਅਹੁਦੇ ਤੋਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਧਿਆਨ ਨਾਲ ਵੇਖਿਆ ਹੈ, ਇਸ ਲਈ, ਮੈਂ ਦੂਸਰਿਆਂ ਤੋਂ ਵੀ ਵੱਧ ਪ੍ਰਸ਼ੰਸਾ ਕਰਦਾ ਹਾਂ ਕਿ ਇਹ ਕੰਮ ਡਰਾਫਟ ਕਮੇਟੀ ਅਤੇ ਖ਼ਾਸਕਰ ਇਸ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਡਕਰ ਦੁਆਰਾ ਕਿੰਨੇ ਸਮਰਪਣ ਅਤੇ ਜੋਸ਼ ਨਾਲ ਕੀਤੇ ਗਏ ਹਨ। ਅਸੀਂ ਡਰਾਫਟ ਕਮੇਟੀ ਵਿਚ ਡਾ. ਅੰਬੇਡਕਰ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਚੇਅਰਮੈਨ ਚੁਣਨ ਤੋਂ ਬਿਹਤਰ ਕੰਮ ਕਦੇ ਨਹੀਂ ਕੀਤਾ।” ਸ਼੍ਰੀ ਬਾਲੀ ਨੇ ਅੱਗੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਾਜਿੰਦਰ ਤ੍ਰਿਵੇਦੀ ਨੇ ਸੰਵਿਧਾਨ ਦੇ ਨਿਰਮਾਣ ਨੂੰ ਜਾਤ ਪਾਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜੋ ਨਿੰਦਣਯੋਗ ਹੈ ਜਦ ਕਿ ਸੰਵਿਧਾਨ ਜਾਤ ਪਾਤ ਤੇ ਅਧਾਰਿਤ ਭੇਦ ਭਾਵ ਨੂੰ ਖਤਮ ਕਰਦਾ ਹੈ। ਸੰਵਿਧਾਨ ਨੇ ਅਮਨ ਅਤੇ ਜੰਗ, ਦੋਨਾਂ ਵਿਚ ਦੇਸ਼ ਨੂੰ ਸੇਧ ਦਿੱਤੀ ਹੈ।
- ਐੱਲ ਆਰ ਬਾਲੀ, ਮੁਖ ਮਾਰਗਦਰਸ਼ਕ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.)