ਜਲੰਧਰ (ਸਮਾਜ ਵੀਕਲੀ): ਕਰੋਨਾਵਾਇਰਸ ਦੀ ਮਹਾਂਮਾਰੀ ਦਾ ਕਹਿਰ ਦਿਨੋਂ ਦਿਨ ਵਧ ਰਿਹਾ ਹੈ ਪਰ ਮਾੜੇ ਅਨਸਰ ਅਪਣੀਆਂ ਸਮਾਜ ਵਿਰੋਧੀ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਬੀਤੇ ਦਿਨੀ ਤਾਮਿਲਨਾਡੂ ਦੇ ਕੁਡਲੌਰ ਕਸਬੇ ਵਿਖੇ ਭਾਰਥੀ ਰੋਡ ‘ਤੇ ਕੁਝ ਅਗਿਆਤ ਸਿਰ-ਫਿਰੇ ਅਨਸਰਾਂ ਦੁਆਰਾ ਡਾ. ਬੀ. ਆਰ. ਅੰਬੇਡਕਰ ਦੀ ਮੂਰਤੀ ਦਾ ਅਨਾਦਰ ਕਰਕੇ ਇਸ ‘ਤੇ ਅਪਮਾਨਜਨਕ ਟਿੱਪਣੀਆਂ ਵਾਲਾ ਇੱਕ ਪੋਸਟਰ ਵੀ ਬੁੱਤ ਦੇ ਚਿਹਰੇ ਤੇ ਬੰਨਿਆ ਹੋਇਆ ਸੀ। ਪਤਾ ਲੱਗਣ ‘ਤੇ ਕੁਡਲੌਰ ਕਸਬੇ ਦੇ ਵਸਨੀਕ ਉਥੇ ਪਹੁੰਚ ਗਏ ਅਤੇ ਪੋਸਟਰ ਦੇ ਨਾਲ-ਨਾਲ ਅਪਮਾਨਜਨਕ ਸਮੱਗਰੀ ਵੀ ਹਟਾ ਦਿੱਤੀ।
ਮੂਰਤੀ ਦੀ ਸਫਾਈ ਕਰਨ ਵਾਲੇ ਕਰਮਚਾਰੀ ਨੇ ਕਿਹਾ, “ਇਹ ਘਟਨਾ ਇੱਕ ਮਈ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਵਾਪਰੀ”। ਉਸਨੇ ਅੱਗੇ ਕਿਹਾ ਕਿ ਬਾਬਾਸਾਹਿਬ ਦੀ ਇਹ ਮੂਰਤੀ ਕਸਬੇ ਦੇ ਇੱਕ ਧਮਣੀ ਜੰਕਸ਼ਨ ‘ਤੇ ਸੀ, ਜਿੱਥੇ ਕਈ ਪੁਲਿਸ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਰਾਜ ਭਰ ਵਿੱਚ ਤਾਲਾਬੰਦੀ ਲਗਾਉਣ ਲਈ ਪਹਿਰੇਦਾਰੀ ਕਰ ਰਹੇ ਸਨ। ਜ਼ਿਲ੍ਹੇ ਦੇ ਨਾਮ ਨਾਲ, ਇਹ ਸ਼ਹਿਰ ਕੁਡਲੌਰ ਦਾ ਜ਼ਿਲ੍ਹਾ ਹੈੱਡਕੁਆਰਟਰ ਵੀ ਹੈ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ। ਵਰਿੰਦਰ ਕੁਮਾਰ ਨੇ ਕਿਹਾ ਕਿ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਇਸ ਘਟਨਾ ਦਾ ਬਹੁਤ ਦੁੱਖ ਮਨਾਇਆ ਤੇ ਇਸਦੀ ਘੋਰ ਨਿੰਦਾ ਕੀਤੀ ਹੈ ਅਤੇ ਤਾਮਿਲਨਾਡੂ ਤੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਦਾ ਜਲਦ ਤੋਂ ਜਲਦ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ।
ਵਰਿੰਦਰ ਕੁਮਾਰ
ਜਨਰਲ ਸਕੱਤਰ