ਡਰੱਗ ਇੰਸਪੈਕਟਰ ਨੇਹਾ ਸ਼ੋਰੀ ਅਤੇ ਹਮਲਾਵਰ ਦਾ ਹੋਇਆ ਪੋਸਟਮਾਰਟਮ

ਖਰੜ ਵਿਚ ਸਥਿਤ ਫੂਡ ਅਤੇ ਡਰੱਗਜ਼ ਐਡਮਿਨਿਸਟ੍ਰੇਸ਼ਨ ਦਫ਼ਤਰ ਵਿਚ ਕੱਲ੍ਹ ਇੱਕ ਜਣੇ ਨੇ ਗੋਲੀਆਂ ਮਾਰ ਕੇ ਡਰੱਗ ਇੰਸਪੈਕਟਰ ਡਾ. ਨੇਹਾ ਸ਼ੋਰੀ ਦਾ ਕਤਲ ਕਰ ਦਿੱਤਾ ਸੀ। ਅੱਜ ਨੇਹਾ ਸ਼ੋਰੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਖਰੜ ਵਿਚ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਵੱਲੋਂ ਕੀਤਾ ਗਿਆ ਤੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ। ਖਰੜ ਸਿਵਲ ਹਸਪਤਾਲ ਦੇ ਐਸਐਮਓ ਡਾ. ਸੁਰਿੰਦਰ ਸਿੰਘ ਅਨੁਸਾਰ ਮ੍ਰਿਤਕਾ ਦੇ ਸਰੀਰ ਵਿੱਚੋਂ ਦੋ ਗੋਲੀਆਂ ਕੱਢੀਆਂ ਗਈਆਂ। ਹਮਲਾਵਰ ਬਲਵਿੰਦਰ ਸਿੰਘ ਦੀ ਲਾਸ਼ ਦਾ ਵੀ ਪੋਸਟ ਮਾਰਟਮ ਕੀਤਾ ਗਿਆ। ਸਿਵਲ ਹਸਪਤਾਲ ਖਰੜ ਵਿੱਚ ਪਹੁੰਚੇ ਡਾ. ਨੇਹਾ ਦੇ ਪਿਤਾ ਕੈਪਟਨ ਕੈਲਾਸ਼ ਕੁਮਾਰ ਸੋਹੀ ਨੇ ਕਿਹਾ ਕਿ ਉਹ ਇੱਕ ਬਹੁਤ ਦਲੇਰ ਅਤੇ ਇਮਾਨਦਾਰ ਅਧਿਕਾਰੀ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਡਰੱਗ ਐਡਮਿਨਿਸਟ੍ਰੇਟਰ ਦੇ ਦਫ਼ਤਰ ਵਿੱਚ ਸੁਰੱਖਿਆ ਦਾ ਪ੍ਰਬੰਧ ਨਹੀਂ ਸੀ ਅਤੇ ਅੰਦਰ ਆਉਣ ਵਾਲੇ ਦੀ ਐਂਟਰੀ ਵੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਨੇਹਾ ਦੇ ਕਤਲ ਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਕਿਉਂਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਬਲਵਿੰਦਰ ਸਿੰਘ ਨੂੰ 11 ਮਾਰਚ ਨੂੰ ਲਾਇਸੈਂਸ ਕਿਵੇਂ ਦਿੱਤਾ ਗਿਆ ਤੇ 12 ਮਾਰਚ ਨੂੰ ਦੁਕਾਨਦਾਰ ਵੱਲੋਂ ਪਿਸਤੌਲ ਵੇਚਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸੇ ਦੌਰਾਨ ਹਮਲਾਵਰ ਬਲਵਿੰਦਰ ਸਿੰਘ ਦੇ ਸਾਲੇ ਹਰਜੀਤ ਸਿੰਘ ਤੇ ਉਸ ਦੇ ਪੁੱਤਰ ਸਿਮਰਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਿਸੇ ਨਾਲ ਵੀ ਕੋਈ ਗੱਲ ਨਹੀਂ ਸੀ ਕਰਦਾ। ਬਲਵਿੰਦਰ ਸਿੰਘ ਨੇ ਲਾਇਸੈਂਸ ਕੈਂਸਲ ਹੋਣ ਉਪਰੰਤ ਮੋਰਿੰਡਾ ਵਿਚ ਹਸਪਤਾਲ ਵੀ ਖੋਲ੍ਹਿਆ ਸੀ, ਜੋ ਚੱਲ ਨਹੀਂ ਸਕਿਆ। ਹੁਣ ਉਹ ਕੁਰਾਲੀ ਦੇ ਇੱਕ ਹਸਪਤਾਲ ’ਚ ਰਾਤ ਸਮੇਂ ਕੰਮ ਕਰਦਾ ਸੀ। ਉਹ ਮਾਨਸਿਕ ਤਣਅ ਵਿੱਚ ਰਹਿੰਦਾ ਸੀ। ਅੱਜ ਖਰੜ ਕੈਮਿਸਟ ਐਸੋਸੀਏਸ਼ਨ ਵਲੋਂ ਹੱਤਿਆ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਸਵੇਰੇ 2 ਘੰਟੇ ਦੁਕਾਨਾਂ ਬੰਦ ਰੱਖੀਆਂ ਗਈਆਂ।

Previous articleਸੁਖਬੀਰ, ਮਜੀਠੀਆ ਤੇ ਹੋਰ ਆਗੂਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ
Next articleਭਾਰਤ ਨੂੰ ਹਰਾ ਕੇ ਦੱਖਣੀ ਕੋਰੀਆ ਅਜ਼ਲਾਨ ਸ਼ਾਹ ਚੈਂਪੀਅਨ ਬਣਿਆ