ਤਾਜਪੁਰ ਵਾਸੀ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਗੁਰੀ ਨੇ ਬੀਤੀ ਰਾਤ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ, ਜਿਸ ਸਬੰਧੀ ਰਾਏਕੋਟ ਸਦਰ ਪੁਲੀਸ ਨੇ ਮ੍ਰਿਤਕ ਦੇ ਭਰਾ ਅਮਨਦੀਪ ਸਿੰਘ ਪੁੱਤਰ ਨਾਜਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਕੇ ਲਾਸ਼ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸੁਧਾਰ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾ ਦਿੱਤੀ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਦੇਰ ਸ਼ਾਮ ਕਾਰਨ ਪੋਸਟਮਾਰਟਮ ਕੱਲ੍ਹ ਹੋ ਸਕੇਗਾ। ਇਸ ਸਬੰਧੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਪਰਿਵਾਰਕ ਮੈਂਬਰਾਂ ਨੇ ਅੱਜ ਹਰੀ ਸਿੰਘ ਨਲੂਆ ਚੌਂਕ ਵਿਚ ਧਰਨਾ ਲਾ ਦਿੱਤਾ। ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸਦਾ ਭਰਾ ਟੈਕਸੀ ਡਰਾਈਵਰ ਸੀ ਅਤੇ ਉਹ ਝੱਜ ਟਰੈਵਲ ਸਰਵਿਸ ਤਾਜਪੁਰ ਰੋਡ ਉੱਪਰ ਆਉਂਦਾ ਸੀ ਅਤੇ ਲੋੜ ਪੈਣ ‘ਤੇ ਗੇੜਾ ਲਾਉਣ ਲਈ ਕਿਸੇ ਟੈਕਸੀ ਉੱਪਰ ਚਲਾ ਜਾਂਦਾ ਸੀ। 15 ਜੁਲਾਈ ਸੋਮਵਾਰ ਨੂੰ ਜਦੋਂ ਸ਼ਾਮ ਸਮੇਂ ਘਰ ਆਉਣ ਬਾਅਦ ਕੁਝ ਦੇਰ ਲਈ ਬਾਹਰ ਗਿਆ ਅਤੇ ਉਲਟੀਆਂ ਕਰਦਾ ਘਰ ਵਾਪਸ ਆਗਿਆ। ਦੇਰ ਰਾਤ ਉਸ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਡਾਕਟਰਾਂ ਨੂੰ ਸਲਫਾਸ ਖਾਣ ਬਾਰੇ ਖ਼ੁਲਾਸਾ ਕਰ ਦਿੱਤਾ। ਉਸ ਦੀ ਜੇਬ ਵਿਚੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋ ਗਿਆ, ਜਿਸ ਵਿਚ ਉਸ ਨੇ ਕੁਝ ਟੈਕਸੀ ਚਾਲਕਾਂ ਦੇ ਨਾਂ ਲਿਖ ਕੇ ਉਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਸਬੰਧੀ ਪੁਲੀਸ ਥਾਣਾ ਸਦਰ ਰਾਏਕੋਟ ਦੇ ਐਸ ਐਚ ਓ ਜਗਰੂਪ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ਅਤੇ ਦਿੱਤੇ ਬਿਆਨਾਂ ਦੇ ਆਧਾਰ ਉੱਤੇ ਪਰਵਿੰਦਰ ਸਿੰਘ, ਜੀਤਾ ਸਿੰਘ ਦੋਵੇਂ ਵਾਸੀ ਤਾਜਪੁਰ ਅਤੇ ਸ਼ਿਵ ਦੀਨ ਰਾਣਾ ਅਤੇ ਹਰਦੀਪ ਸਿੰਘ ਝੱਜ ਦੇ ਡਰਾਈਵਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਪੁਲੀਸ ਉੱਤੇ ਪੱਖਪਾਤ ਦੇ ਕਥਿਤ ਦੋਸ਼ ਲਗਾਉਂਦਿਆਂ ਹਰੀ ਸਿੰਘ ਨਲਵਾ ਚੌਕ ਰਾਏਕੋਟ ਵਿਖੇ ਧਰਨਾ ਦਿੱਤਾ। ਇਸ ਮੌਕੇ ਮ੍ਰਿਤਕ ਦੀ ਮਾਤਾ ਪ੍ਰੀਤਮ ਕੌਰ, ਪਤਨੀ ਰਮਨਦੀਪ ਕੌਰ, ਭਰਾ ਅਮਨਦੀਪ ਸਿੰਘ ਸਮੇਤ ਪਿੰਡ ਤਾਜਪੁਰ ਦੇ ਵੱਡੀ ਗਿਣਤੀ ਵਿਚ ਪੁੱਜੇ ਹਮਾਇਤੀਆਂ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੇ ਐਫ ਆਈ ਆਰ ਵਿਚ ਨਾਮ ਦਰਜ ਕਰ ਕੇ ਗ੍ਰਿਫ਼ਤਾਰ ਕਰੇ। ਥਾਣਾ ਮੁਖੀ ਜਗਰੂਪ ਸਿੰਘ ਨੇ ਆਖਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਨ ਉਪਰੰਤ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਭਰੋਸੇ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ।
INDIA ਡਰਾਈਵਰ ਵਲੋਂ ਖ਼ੁਦਕੁਸ਼ੀ; ਪੀੜਤ ਪਰਿਵਾਰ ਨੇ ਲਾਇਆ ਧਰਨਾ