ਜਨੇਵਾ (ਸਮਾਜਵੀਕਲੀ) : ਵਿਸ਼ਵ ਸਿਹਤ ਸੰਸਥਾ (ਡਬਲਿਯੂਐੱਚਓ) ਨੇ ਅੱਜ ਕਿਹਾ ਕਿ ਲਾਇਬੇਰੀਆ ਦੇ ਸਾਬਕਾ ਰਾਸ਼ਟਰਪਤੀ ਐਲਨ ਜੌਹਨਸਨ ਸਰਲੀਫ ਅਤੇ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਵਲੋਂ ਨਵੇਂ ਪੈਨਲ ਦੀ ਅਗਵਾਈ ਕੀਤੀ ਜਾਵੇਗੀ, ਜੋ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਆਲਮੀ ਪੱਧਰ ’ਤੇ ਹੋਈਆਂ ਕੋਸ਼ਿਸ਼ਾਂ ਦਾ ‘ਇਮਾਨਦਾਰੀ ਨਾਲ ਮੁਲਾਂਕਣ’ ਕਰਨਗੇ।
ਡਬਲਿਯੂਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੇਬਰਿਯਸੈੱਸ ਨੇ ਮਹਾਮਰੀ ਨਾਲ ਨਜਿੱਠਣ ਦੀ ਤਿਆਰੀ ਸਬੰਧੀ ਨਵੇਂ ਬਣਾਏ ਸੁਤੰਤਰ ਪੈਨਲ ਲਈ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ। ਡਬਲਿਯੂਐੱਚਓ ਮੁਖੀ ਨੇ ਆਲਮੀ ਏਕਤਾ ਦੇ ਸੱਦੇ ਨੂੰ ਦੁਹਰਾਇਆ ਅਤੇ ਕੌਮਾਂਤਰੀ ਪੱਧਰ ’ਤੇ ਲੀਡਰਸ਼ਿਪ ਦੀ ਘਾਟ ਹੋਣ ਦੀ ਗੱਲ ਕੀਤੀ।