ਜਨੇਵਾ (ਸਮਾਜਵੀਕਲੀ) : ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦੇ ਮੁਖੀ ਟੈਡਰੋਸ ਅਧਾਨੋਮ ਗੈਬਰੇਯਸਸ ਨੇ ਕਰੋਨਾ ਬਾਰੇ ਰਲਵੇਂ-ਮਿਲਵੇਂ ਸੁਨੇਹੇ ਦੇ ਕੇ ਲੋਕਾਂ ਦਾ ਭਰੋਸਾ ਖ਼ਤਮ ਕਰਨ ਲਈ ਕੁਝ ਸਰਕਾਰਾਂ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਆਪੋ-ਆਪਣੇ ਮੁਲਕ ’ਚ ਮਹਾਮਾਰੀ ਨੂੰ ਰੋਕਣ ’ਚ ਨਾਕਾਮ ਰਹਿਣ ਦਾ ਮਤਲਬ ਹੋਵੇਗਾ ਕਿ ਨੇੜੇ ਭਵਿੱਖ ’ਚ ਆਮ ਹਾਲਾਤ ਦੀ ਵਾਪਸੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸਬੰਧ ’ਚ ਕਈ ਦੇਸ਼ ਗਲਤ ਦਿਸ਼ਾ ’ਚ ਚਲੇ ਗਏ ਹਨ ਅਤੇ ਕੁਝ ਲਾਗ ਨੂੰ ਰੋਕਣ ਲਈ ਸਹੀ ਕਦਮ ਨਹੀਂ ਚੁੱਕ ਪਾ ਰਹੇ। ਇਸ ਦੌਰਾਨ ਉਨ੍ਹਾਂ ਇਸ ਗੱਲ ਦਾ ਨੋਟਿਸ ਵੀ ਲਿਆ ਕਿ ਸਰਕਾਰ ਲਈ ਪ੍ਰਭਾਵੀ ਢੰਗ ਨਾਲ ਕੰਮ ਕਰਨਾ ਕਿੰਨਾ ਮੁਸ਼ਕਲ ਹੈ ਕਿਉਂਕਿ ਪਾਬੰਦੀਆਂ ਲਾਉਣ ਦੇ ਆਪਣੇ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪ੍ਰਭਾਵ ਹਨ। ਉਨ੍ਹਾਂ ਕਿਹਾ, ‘ਕੋਵਿਡ-19 ਸਭ ਤੋਂ ਵੱਡਾ ਦੁਸ਼ਮਣ ਬਣਿਆ ਹੋਇਆ ਹੈ ਪਰ ਕਈ ਸਰਕਾਰਾਂ ਤੇ ਲੋਕਾਂ ਦੇ ਕਦਮਾਂ ਤੋਂ ਅਜਿਹਾ ਪ੍ਰਤੀਤ ਨਹੀਂ ਹੁੰਦਾ।’
ਡਬਲਯੂਐੱਚਓ ਨੇ ਕਿਹਾ ਇਸ ਲਾਗ ਦੇ ਸਬੰਧੀ ਸਰਕਾਰ ਤੇ ਵਿਅਕਤੀ ਦੀ ਪ੍ਰਤੀਕਿਰਿਆ ਸਥਾਨਕ ਹਾਲਾਤ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਕਈ ਮੁਲਕਾਂ ਨੇ ਸਕੂਲਾਂ ਦੀਆਂ ਕਲਾਸਾਂ ਖੋਲ੍ਹੀਆਂ ਕਿਊਂਕਿ ਉਨ੍ਹਾਂ ਦੇ ਉੱਥੇ ਮਾਮਲੇ ਘੱਟ ਹੋਏ ਪਰ ਕੁਝ ਦੇਸ਼ਾਂ ’ਚ ਇਸ ਮਾਮਲੇ ’ਚ ਵੀ ‘ਸਿਆਸੀ ਫੁੱਟਬਾਲ’ ਖੇਡੀ ਜਾ ਰਹੀ ਹੈ ਤੇ ਵੱਡੇ ਪੱਧਰ ’ਤੇ ਕੰਟਰੋਲ ਵਾਲੇ ਕਦਮ ਚੁੱਕੇ ਬਿਨਾਂ ਹੀ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਡਬਲਯੂਐੱਚਓ ਮੁਖੀ ਨੇ ਚਿਤਾਵਨੀ ਦਿੱਤੀ ਕਿ ਮਹਾਮਾਰੀ ਲਗਾਤਾਰ ਵੱਧ ਰਹੀ ਹੈ ਅਤੇ ਹਾਲਾਤ ਦਿਨ-ਬ-ਦਿਨ ਬਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ।