ਔਕਲੈਂਡ- ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਅੱਜ ਔਕਲੈਂਡ ਡਬਲਯੂਟੀਏ ਕਲਾਸਿਕ ਟੈਨਿਸ ਟੂਰਨਾਮੈਂਟ ਵਿੱਚ ਇਟਲੀ ਦੀ ਕੁਆਲੀਫਾਇਰ ਕੈਮਿਲਾ ਜੌਰਜੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ 2020 ਸੈਸ਼ਨ ਦੀ ਹਾਂ ਪੱਖੀ ਸ਼ੁਰੂਆਤ ਕੀਤੀ।
ਇਸ ਮਹੀਨ ਹੋਣ ਵਾਲੇ ਆਸਟਰੇਲੀਅਨ ਓਪਨ ’ਤੇ ਨਜ਼ਰਾਂ ਟਿਕਾਈਂ ਬੈਠੀ 38 ਸਾਲ ਦੀ ਅਮਰੀਕਾ ਦੀ ਖਿਡਾਰਨ ਸੇਰੇਨਾ ਨੇ ਦੁਨੀਆਂ ਦੀ 99ਵੇਂ ਨੰਬਰ ਦੀ ਖਿਡਾਰਨ ਕੈਮਿਲਾ ਨੂੰ 6-3, 6-2 ਨਾਲ ਹਰਾਇਆ। ਸਤੰਬਰ ਵਿੱਚ ਯੂਐੱਸ ਓਪਨ ਦੇ ਫਾਈਨਲ ਵਿੱਚ ਹਾਰ ਮਗਰੋਂ ਸੇਰੇਨਾ ਦੀ ਇਹ ਪਹਿਲੀ ਜਿੱਤ ਹੈ। ਉਸ ਨੇ ਸ਼ੁਰੂ ਵਿੱਚ ਦੋ ਵਾਰ ਦੀ ਗਰੈਂਡ ਸਲੈਮ ਜੇਤੂ ਰੂਸ ਦੀ ਸਵੈਤਲਾਨਾ ਕੁਜ਼ਨੇਤਸੋਵਾ ਖ਼ਿਲਾਫ਼ ਖੇਡਣਾ ਸੀ, ਪਰ ਬਿਮਾਰ ਹੋਣ ਕਾਰਨ ਵਿਰੋਧੀ ਖਿਡਾਰਨ ਟੂਰਨਾਮੈਂਟ ਤੋਂ ਹਟ ਗਈ। ਵਿਲੀਅਮਜ਼ ਸਣੇ ਪੰਜ ਹੋਰ ਚੋਟੀ ਦੀਆਂ ਖਿਡਾਰਨਾਂ ਅਮਾਂਡਾ ਅਨੀਸਿਮੋਵਾ, ਪੈਤਰਾ ਮਾਰਟਿਚ, ਮੌਜੂਦਾ ਚੈਂਪੀਅਨ ਜੂਲੀਆ ਗੋਰਜਸ ਅਤੇ ਕੈਰੋਲਾਈਨ ਵੋਜ਼ਨਿਆਕੀ ਵੀ ਦੂਜੇ ਗੇੜ ਵਿੱਚ ਪਹੁੰਚ ਗਈਆਂ ਹਨ। ਕ੍ਰੋਏਸ਼ੀਆ ਦੀ ਮਾਰਟਿਚ ਨੇ ਅਮਰੀਕਾ ਊਸੁਈ ਆਰਕੋਨਾਡਾ ਨੂੰ 5-7, 6-4, 6-4 ਨਾਲ ਹਰਾਇਆ। ਵੋਜ਼ਨਿਆਕੀ ਨੇ ਨਿਊਜ਼ੀਲੈਂਡ ਦੀ ਪੇਜ ਹੂਰੀਗਨ ਨੂੰ 6-1, 6-0 ਨਾਲ ਮਾਤ ਦਿੱਤੀ। ਜਰਮਨੀ ਦੀ ਗੋਰਜਸ ਨੇ ਬੈਲਜੀਅਮ ਦੀ ਗਰੀਟ ਮਿਨੈਨ ’ਤੇ 6-1, 7-6 ਨਾਲ ਜਿੱਤ ਦਰਜ ਕੀਤੀ।
Sports ਡਬਲਯੂਟੀਏ: ਸੇਰੇਨਾ ਵੱਲੋਂ 2020 ਦਾ ਜਿੱਤ ਨਾਲ ਆਗਾਜ਼