ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹੁਣ ਇਕ ਹੋਰ ਟਵੀਟ ਕਰਕੇ ਕਿਸਾਨਾਂ ’ਤੇ ਸਵਾਲ ਚੁੱਕਣ ਵਾਲਿਆਂ ’ਤੇ ਹਮਲਾ ਬੋਲਿਆ ਹੈ। ਇਕ ਬਜ਼ੁਰਗ ਸਿੱਖ ਵਿਅਕਤੀ ਦੇ ਠੰਡ ਤੇ ਖੁੱਲ੍ਹੇ ’ਚ ਨਹਾਉਣ ਦੀ ਤਸਵੀਰ ਪੋਸਟ ਕਰਦਿਆਂ ਦਿਲਜੀਤ ਨੇ ਲਿਖਿਆ, ‘ਤੇਰੀਆਂ ਤੂੰ ਹੀ ਜਾਣੇ ਬਾਬਾ, ਇਹ ਰੱਬ ਲੋਕ ਇਨ੍ਹਾਂ ਨੂੰ ਅੱਤਵਾਦੀ ਨਜ਼ਰ ਆਉਂਦੇ ਹਨ। ਇਨਸਾਨੀਅਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਯਾਰ।’
ਤਸਵੀਰ ’ਚ ਇਕ ਬਜ਼ੁਰਗ ਠੰਡ ’ਚ ਖੁੱਲ੍ਹੇ ’ਚ ਹੀ ਨਹਾਉਂਦਾ ਦਿਖਾਈ ਦੇ ਰਿਹਾ ਹੈ ਤੇ ਕੋਲ ਟਰੱਕ ਖੜ੍ਹਾ ਹੈ, ਜਿਸ ’ਤੇ ਕੁਝ ਕੱਪੜੇ ਸੁੱਕਣੇ ਪਏ ਹੋਏ ਹਨ। ਦਿਲਜੀਤ ਦੋਸਾਂਝ ਦੀ ਇਸ ਪੋਸਟ ’ਤੇ ਟਵਿਟਰ ਯੂਜ਼ਰਸ ਵਲੋਂ ਵੱਖ-ਵੱਖ ਪ੍ਰਤੀਕੀਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਜਿਥੇ ਲੋਕ ਦਿਲਜੀਤ ਦੀ ਸੁਪੋਰਟ ਕਰ ਰਹੇ ਹਨ, ਉਥੇ ਕੁਝ ਲੋਕ ਵਿਰੋਧ ’ਚ ਵੀ ਬੋਲ ਰਹੇ ਹਨ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਕਾਫੀ ਸਰਗਰਮ ਹਨ। ਇਸ ਮਸਲੇ ’ਤੇ ਉਨ੍ਹਾਂ ਦੀ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਤਿੱਖੀ ਬਹਿਸ ਹੋ ਚੁੱਕੀ ਹੈ। ਪੰਜਾਬ ਦੀ ਇਕ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਣ ਵਾਲੇ ਟਵੀਟ ’ਤੇ ਕੰਗਨਾ ਰਣੌਤ ਨੂੰ ਦਿਲਜੀਤ ਨੇ ਘੇਰਿਆ ਸੀ। ਇਸ ਤੋਂ ਬਾਅਦ ਕੰਗਨਾ ਨੇ ਵੀ ਦਿਲਜੀਤ ’ਤੇ ਤਿੱਖੇ ਹਮਲੇ ਬੋਲੇ। ਕਿਸਾਨ ਅੰਦੋਲਨ ਨੂੰ ਲੈ ਕੇ ਮਨੋਰੰਜਨ ਜਗਤ ਵੀ ਦੋਫਾੜ ਨਜ਼ਰ ਆ ਰਿਹਾ ਹੈ।
ਇਕ ਪਾਸੇ ਹਿਮਾਂਸ਼ੀ ਖੁਰਾਣਾ, ਪ੍ਰਿਅੰਕਾ ਚੋਪੜਾ, ਰਿਚਾ ਚੱਢਾ ਤੇ ਸਵਰਾ ਭਾਸਕਰ ਵਰਗੇ ਸਿਤਾਰੇ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉਥੇ ਕੰਗਨਾ ਰਣੌਤ ਤੇ ਪਾਇਲ ਰੋਹਤਗੀ ਵਰਗੇ ਸਿਤਾਰਿਆਂ ਵਲੋਂ ਕਿਸਾਨ ਅੰਦੋਲਨ ਨੂੰ ਉਲਟ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।