ਠਾਕਰੇ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਮਿਲਿਆ

ਅੰਧੇਰੀ (ਪੂਰਬੀ) ਹਲਕੇ ਦੀ ਜ਼ਿਮਨੀ ਚੋਣ ਲਈ ਦੋਵਾਂ ਧੜਿਆਂ ਨੂੰ ਨਵੇਂ ਨਾਂ ਅਲਾਟ, ਸ਼ਿੰਦੇ ਧੜੇ ਤੋਂ ਚੋਣ ਨਿਸ਼ਾਨਾਂ ਦੀ ਨਵੀਂ ਸੂਚੀ ਮੰਗੀ

ਨਵੀਂ ਦਿੱਲੀ (ਸਮਾਜ ਵੀਕਲੀ) : ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ। ਕਮਿਸ਼ਨ ਨੇ ਧਾਰਮਿਕ ਭਾਵ ਅਰਥ ਦੇ ਹਵਾਲੇ ਨਾਲ ਦੋਵਾਂ ਧੜਿਆਂ ਨੂੰ ਤ੍ਰਿਸ਼ੂਲ ਤੇ ਗੁਰਜ ਚੋਣ ਨਿਸ਼ਾਨ ਦੇਣ ਤੋਂ ਨਾਂਹ ਕਰ ਦਿੱਤੀ। ਠਾਕਰੇ ਧੜੇ ਨੇ ਚੋਣ ਕਮਿਸ਼ਨ ਤੋਂ ਮਸ਼ਾਲ, ਤ੍ਰਿਸ਼ੂਲ ਤੇ ਚੜ੍ਹਦਾ ਸੂਰਜ ਜਦੋਂਕਿ ਸ਼ਿੰਦੇ ਧੜੇ ਨੇ ‘ਗਦਾ’ (ਗੁਰਜ), ਤਲਵਾਰ ਤੇ ਬਿਗਲ ਚੋਣ ਨਿਸ਼ਾਨਾਂ ’ਚੋਂ ਕੋਈ ਇਕ ਅਲਾਟ ਕੀਤੇ ਜਾਣ ਦੀ ਮੰਗ ਕੀਤੀ ਸੀ। ਅਸਲ ਸ਼ਿਵ ਸੈਨਾ ਬਾਰੇ ਦਾਅਵਿਆਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਚੋਣ ਕਮਿਸ਼ਨ ਨੇ ਅੰਧੇਰੀ (ਪੂਰਬੀ) ਹਲਕੇ ਦੀ ਜ਼ਿਮਨੀ ਚੋਣ ਲਈ ਠਾਕਰੇ ਧੜੇ ਨੂੰ ‘ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ’ ਜਦੋਂਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਦੂਜੇ ਧੜੇ ਨੂੰ ‘ਬਾਲਾਸਾਹਿਬਆਂਚੀ ਸ਼ਿਵ ਸੈਨਾ (ਬਾਲਾਸਾਹਿਬ ਦੀ ਸ਼ਿਵ ਸੈਨਾ) ਨਾਮ ਅਲਾਟ ਕੀਤਾ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਦੋਵਾਂ ਧੜਿਆਂ ਨੇ ‘ਚੜ੍ਹਦਾ ਸੂਰਜ’ ਚੋਣ ਨਿਸ਼ਾਨ ਵੀ ਮੰਗਿਆ ਸੀ, ਪਰ ਇਹ ਨਿਸ਼ਾਨਾ ਪਹਿਲਾਂ ਹੀ ਤਾਮਿਲ ਨਾਡੂ ਤੇ ਪੁੱਡੂਚੇਰੀ ਵਿੱਚ ਡੀਐੱਮਕੇ ਪਾਰਟੀ ਲਈ ਰਾਖਵਾਂ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਮੰਗਲਵਾਰ ਸਵੇਰੇ 10 ਵਜੇ ਤੱਕ ਤਿੰਨ ਚੋਣ ਨਿਸ਼ਾਨਾਂ ਦੀ ਸੱਜਰੀ ਸੂਚੀ ਦਾਖ਼ਲ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਸਿਆਸੀ ਪਾਰਟੀਆਂ ਨੂੰ ਧਾਰਮਿਕ ਚਿੰਨ੍ਹਾਂ ਨਾਲ ਜੁੜੇ ਚੋਣ ਨਿਸ਼ਾਨ ਅਲਾਟ ਕਰਨ ਦੇ ਸਖ਼ਤ ਖਿਲਾਫ਼ ਹਨ। ਸ਼ਿਵ ਸੈਨਾ ਦੇ ਰਵਾਇਤੀ ਧੜਿਆਂ ਨੇ ਚੋਣ ਨਿਸ਼ਾਨ ਵਜੋਂ ਤ੍ਰਿਸ਼ੂਲ ਤੇ ਚੜ੍ਹਦੇ ਸੂਰਜ ਦੀ ਮੰਗ ਕੀਤੀ ਸੀ। ਚੋਣ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 14 ਅਕਤੂਬਰ ਹੈ।

ਉਧਰ ਠਾਕਰੇ ਧੜੇ ਨੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ‘ਸ਼ਿਵ ਸੈਨਾ- ਊਧਵ ਬਾਲਾਸਾਹਿਬ ਠਾਕਰੇ’ ਨਾਮ ਅਲਾਟ ਕੀਤੇ ਜਾਣ ’ਤੇ ਤਸੱਲੀ ਜ਼ਾਹਰ ਕੀਤੀ ਹੈ। ਠਾਕਰੇ ਦੇ ਵਫ਼ਾਦਾਰ ਤੇ ਮਹਾਰਾਸ਼ਟਰ ਸਰਕਾਰ ’ਚ ਸਾਬਕਾ ਮੰਤਰੀ ਭਾਸਕਰ ਜਾਧਵ ਨੇ ਕਿਹਾ, ‘‘ਅਸੀਂ ਖ਼ੁਸ਼ ਹਾਂ ਕਿ ਨਵੇਂ ਨਾਮ ਵਿੱਚ ਤਿੰਨ ਨਾਵਾਂ- ਊਧਵ ਜੀ, ਬਾਲਾਸਾਹਿਬ ਤੇ ਠਾਕਰੇ, ਜੋ ਸਾਡੇ ਲਈ ਸਭ ਤੋਂ ਵੱਧ ਅਹਿਮ ਹਨ, ਨੂੰ ਕਾਇਮ ਰੱਖਿਆ ਗਿਆ ਹੈ।’’

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਨੰਤਨਾਗ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਲਸ਼ਕਰ ਅਤਿਵਾਦੀ ਹਲਾਕ
Next articleਲਾਲੂ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਣ ਲਈ ‘ਮੰਡਲ ਬਨਾਮ ਕਮੰਡਲ’ ਦਾ ਮੁੱਦਾ ਉਠਾਇਆ