ਲੋਕ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਕਾਂਗਰਸੀਆਂ ਨੇ ਜਨਤਾ ਨਾਲ ਜੁੜੇ ਮੁੱਦੇ ਚੁੱਕਦਿਆਂ ਅੱਜ ਇੱਥੇ ਲਾਡੋਵਾਲ ਟੌਲ ਪਲਾਜ਼ਾ ਨੂੰ ਤਾਲਾ ਜੜ ਦਿੱਤਾ ਅਤੇ ਲੋਕਾਂ ਕੋਲੋਂ ਕੀਤੀ ਜਾ ਰਹੀ ਵਸੂਲੀ ਬੰਦ ਕਰਵਾ ਦਿੱਤੀ। ਇਸ ਪ੍ਰਦਰਸ਼ਨ ਦੀ ਅਗਵਾਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤੀ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਸੈਂਕੜੇ ਕਾਂਗਰਸੀ ਵਰਕਰਾਂ ਇਕੱਠੇ ਹੋ ਕੇ ਟੌਲ ਪਲਾਜ਼ਾ ਪੁੱਜੇ ਅਤੇ ਉੱਥੇ ਤਾਇਨਾਤ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਕੈਬਿਨ ’ਚੋਂ ਬਾਹਰ ਕੱਢ ਕੇ ਕੈਬਿਨ ਬੰਦ ਕਰ ਦਿੱਤੇ। ਵਰਕਰਾਂ ਨੇ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਨੂੰ ਬਿਨਾਂ ਪਰਚੀ ਲਾਏ ਹੀ ਲੰਘਾਉਣਾ ਸ਼ੁਰੂ ਕਰ ਦਿੱਤਾ। ਵੱਡਾ ਇਕੱਠ ਹੋ ਜਾਣ ਕਾਰਨ ਟੌਲ ਨੇੜੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ
ਗਏ। ਇਸ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਪ੍ਰਾਜੈਕਟ ਦੀ ਉਸਾਰੀ ਕਰ ਰਹੀ ਸੋਮਾ ਕੰਪਨੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਸ਼ਹਿਰ ਦੇ ਅਧੀਨ ਹਾਈਵੇਅ ’ਚ ਅਧੂਰੇ ਪਏ ਤਿੰਨ ਪੁਲਾਂ ਦੀ ਉਸਾਰੀ ਸ਼ੁਰੂ ਨਹੀਂ ਕੀਤੀ ਜਾਵੇਗੀ, ਉਦੋਂ ਤੱਕ ਟੌਲ ਪਲਾਜ਼ਾ ’ਤੇ ਟੈਕਸ ਲੈਣ ਨਹੀਂ ਦਿੱਤਾ ਜਾਵੇਗਾ। ਵਿਧਾਇਕ ਸੰਜੈ ਤਲਵਾੜ, ਵਿਧਾਇਕ ਕੁਲਦੀਪ ਸਿੰਘ ਵੈਦ ਤੇ ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਟੌਲ ਪਲਾਜ਼ਾ ਤੋਂ ਕੰਪਨੀ ਰੋਜ਼ਾਨਾ ਦਾ 50 ਲੱਖ ਰੁਪਏ ਤੋਂ ਵੱਧ ਟੌਲ ਟੈਕਸ ਇਕੱਠਾ ਕਰਦੀ ਹੈ। ਸ਼ਹਿਰ ਵਿੱਚ ਦੋ- ਤਿੰਨ ਕਿੱਲੋਮੀਟਰ ਦੇ ਦਾਇਰੇ ਵਿੱਚ ਹਾਈਵੇਅ ’ਤੇ ਬਸਤੀ ਜੋਧੇਵਾਲ, ਮੋਹਨ ਦਈ ਕੈਂਸਰ ਹਸਪਤਾਲ ਦੇ ਸਾਹਮਣੇ ਅਤੇ ਅਪੋਲੋ ਹਸਪਤਾਲ ਦੇ ਸਾਹਮਣੇ ਫਲਾਈਓਵਰ ਉਸਾਰੀ ਅਧੀਨ ਹਨ। ਇਨ੍ਹਾਂ ਫਲਾਈਓਵਰਾਂ ਦਾ ਨਿਰਮਾਣ 2014 ਤੱਕ ਪੂਰਾ ਕੀਤਾ ਜਾਣਾ ਸੀ ਪਰ ਪੰਜ ਸਾਲ ਲੰਘ ਜਾਣ ’ਤੇ ਵੀ ਕੰਪਨੀ ਨੇ ਉਸਾਰੀ ਪੂਰੀ ਨਹੀਂ ਕੀਤੀ ਹੈ, ਜਿਸ ਦਾ ਨਤੀਜਾ ਇਹ ਹੈ ਕਿ ਤਿੰਨਾਂ ਥਾਵਾਂ ’ਤੇ ਹਰ ਸਮੇਂ ਟਰੈਫ਼ਿਕ ਜਾਮ ਰਹਿੰਦਾ ਹੈ।
ਸੋਮਾ ਕੰਪਨੀ ਦੇ ਡੀਜੀਐੱਮ ਨਮਿਸ਼ ਤਿਵਾੜੀ ਨੇ ਕਿਹਾ ਕਿ ਸ਼ਹਿਰ ’ਚ ਤਿੰਨ ਫਲਾਈਓਵਰਾਂ ਦੇ ਡਿਜ਼ਾਈਨ ਸਬੰਧੀ ਸਥਾਨਕ ਪੱਧਰ ’ਤੇ ਕੁਝ ਫੇਰਬਦਲ ਕੀਤੇ ਜਾਣ ਦੀ ਮੰਗ ਬਾਰੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਪ੍ਰਵਾਨਗੀ ਮਿਲਣ ਤੋਂ ਬਾਅਦ ਕੰਮ ਜਲਦੀ ਪੂਰਾ ਕੀਤਾ ਜਾਵੇਗਾ।
HOME ਟੌਲ ਪਲਾਜ਼ਾ ਨੂੰ ਕਾਂਗਰਸੀਆਂ ਨੇ ਜੜਿਆ ਤਾਲਾ