ਭਵਾਨੀਗੜ੍ਹ (ਸਮਾਜ ਵੀਕਲੀ): ਕਾਲਾਝਾੜ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਐੱਸਡੀਐੱਮ ਭਵਾਨੀਗੜ੍ਹ ਦੇ ਦਫ਼ਤਰ ਅੱਗੇ ਲਗਾਏ ਧਰਨੇ ਦੌਰਾਨ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੰਗਾਂ ਨਾ ਮੰਨੇ ਜਾਣ ਤੋਂ ਪ੍ਰੇਸ਼ਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਆਤਮਦਾਹ ਕਰਨ ਲਈ ਮੀਡੀਆ ਅਤੇ ਪੁਲੀਸ ਦੇ ਸਾਹਮਣੇ ਹੀ ਆਪਣੇ ਉੱਤੇ ਪੈਟਰੋਲ ਛਿੜਕ ਲਿਆ। ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਅਤੇ ਪੁਲੀਸ ਮੁਲਾਜ਼ਮਾਂ ਨੇ ਉਸ ਉੱਤੇ ਪਾਣੀ ਪਾ ਕੇ ਉਸ ਨੂੰ ਅੱਗ ਲਗਾਉਣ ਤੋਂ ਰੋਕ ਲਿਆ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਦਸੰਬਰ 2020 ਤੋਂ ਕਿਸਾਨ ਸੰਘਰਸ਼ ਦੌਰਾਨ ਟੌਲ ਪਲਾਜ਼ੇ ਬੰਦ ਹੋਣ ਮਗਰੋਂ ਪ੍ਰਬੰਧਕਾਂ ਨੇ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਆਰਥਿਕ ਤੰਗੀ ਝੱਲ ਰਹੇ ਹਨ। ਟੌਲ ਪਲਾਜ਼ਾ ਮੈਨੇਜਮੈਂਟ ਅਤੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਨ ਮਗਰੋਂ ਵੀ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਹੁਣ ‘ਕਰੋ ਜਾਂ ਮਰੋ’ ਦੀ ਹਾਲਤ ਵਿੱਚ ਪੁੱਜ ਗਏ ਹਨ।
ਪੈਟਰੋਲ ਛਿੜਕਣ ਵਾਲੀ ਘਟਨਾ ਮਗਰੋਂ ਐੱਸਡੀਐੱਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ, ਡੀਐੱਸਪੀ ਸੁਖਰਾਜ ਸਿੰਘ ਘੁੰਮਣ ਅਤੇ ਤਹਿਸੀਲਦਾਰ ਸ੍ਰੀ ਆਹੂਜਾ ਨਾਲ ਵਰਕਰਾਂ ਦੀ ਗੱਲਬਾਤ ਹੋਈ ਅਤੇ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਇੱਕ ਹਫ਼ਤੇ ਤੱਕ ਮਸਲਾ ਹੱਲ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਐੱਸਡੀਐੱਮ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਰਕਰਾਂ ਦੇ ਮਸਲੇ ਸਬੰਧੀ ਨੈਸ਼ਨਲ ਹਾਈਵੇਅ ਅਥਾਰਿਟੀ ਨਾਲ ਕਈ ਵਾਰ ਗੱਲ ਕੀਤੀ ਗਈ ਹੈ।