ਕੋਰੋਨਾਵਾਇਰਸ ਤੋਂ ਬਚਾਅ ਲਈ ਕੈਨੇਡਾ ਵਾਸੀਆਂ ਨੂੰ ਇਸ ਆਪਣੇ ਹੱਥ ਕੀਟਾਣੂੰ ਰਹਿਤ ਕਰਨ ਲਈ ਸੈਨੇਟਾਈਜ਼ਰ ਦੀ ਵੱਡੀ ਮਾਤਰਾ ਵਿੱਚ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਟੋਰਾਂਟੋ ਵਸਦੇ ਪੰਜਾਬੀ ਦੀਪਕ ਥਾਪਰ ਨੇ ਲੋਕਾਂ ਲਈ ਇਸ ਲੋੜ ਨੂੰ ਮਹਿਸੂਸ ਕਰਦਿਆਂ ਪਿਛਲੇ ਪੰਜ ਦਿਨਾਂ ਤੋਂ ਬੇਘਰੇ ਅਤੇ ਲੋੜਵੰਦ ਲੋਕਾਂ ਨੂੰ ਸੈਨੇਟਾਈਜ਼ਰ ਮੁਫਤ ਵੰਡਣ ਦਾ ਬੀੜਾ ਚੁੱਕਿਆ ਹੋਇਆ ਹੈ।
ਉੱਘੇ ਖੇਡ ਲੇਖਕ ਸੁਖਵੀਰ ਗਰੇਵਾਲ ਨਾਲ ਗੱਲਬਾਤ ਦੌਰਾਨ ਦੀਪਕ ਨੇ ਕਿਹਾ ਕਿ ਕੈਨੇਡਾ ਦਾ ਹਰੇਕ ਵਸਨੀਕ ਇਸ ਸਮੇਂ ਮੁਸ਼ਕਲ ਦੀ ਘੜੀ ਚੋਂ ਲੰਘ ਰਿਹਾ ਹੈ ਜਿਸ ਕਰਕੇ ਸਾਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਇਸ ਸਮੇਂ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੱਥਾਂ ਨੂੰ ਕੀਟਾਣੂ ਰਹਿਤ ਰੱਖਣ ਲਈ ਸੈਨੇਟਾਈਜ਼ਰ ਦੀ ਬਹੁਤ ਲੋੜ ਹੈ ਪਰ ਸਟੋਰਾਂ ਤੇ ਅਸਾਨੀ ਨਾਲ਼ ਉਪਲਬਧ ਨਹੀਂ ਹੈ ਅਤੇ ਟੋਰਾਂਟੋ ਏਰੀਏ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਸੈਨੇਟਾਈਜ਼ਰ ਖਰੀਦਣ ਤੋਂ ਅਸਮਰੱਥ ਵੀ ਹਨ। ਅਜਿਹੇ ਸਮੇਂ ਸਾਨੂੰ ਸਭ ਨੂੰ ਮਿਲ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਦੀਪਕ ਦਾ ਪਿਛੋਕੜ ਚੰਡੀਗੜ੍ਹ ਸ਼ਹਿਰ ਤੋਂ ਹੈ ਤੇ ਉਹ ਪਿਛਲੇ ਅੱਠ ਸਾਲ ਤੋਂ ਟੋਰਾਂਟੋ ਏਰੀਏ ਵਿੱਚ ਰਹਿ ਰਿਹਾ ਹੈ। ਕੈਨੇਡਾ ਵਿੱਚ ਸ਼ੁਰੂਆਤ ਦੇ ਦਿਨਾਂ ਦੌਰਾਨ ਉਸ ਨੇ ਬਹੁਤ ਸੰਘਰਸ਼ ਕੀਤਾ ਜਿਸ ਸਦਕਾ ਉਸ ਨੂੰ ਇਸ ਮੁਲਕ ਵਿੱਚ ਇਕ ਵਧੀਆ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਹੈ। ਦੀਪਕ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਦੇ ਮੌਕੇ ਸਾਨੂੰ ਗਰੌਸਰੀ ਨਾਲ਼ ਆਪਣੇ ਘਰ ਭਰਨ ਦੀ ਬਜਾਏ ਬੇਸਹਾਰਾ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਦੀਪਕ ਨਾਲ਼ ਫੋਨ ਨੰਬਰ 647-449-1045 ਤੇ ਸੰਪਰਕ ਕੀਤਾ ਜਾ ਸਕਦਾ ਹੈ।