ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਲਈ 2018 ਉਪਲੱਬਧੀਆਂ ਭਰਿਆ ਸਾਲ ਰਿਹਾ ਅਤੇ ਇਨ੍ਹਾਂ ਦੋਹਾਂ ਨੇ ਸਾਲ ਦੇ ਅਖ਼ੀਰ ਵਿਚ ਆਈਸੀਸੀ ਟੈਸਟ ਖਿਡਾਰੀਆਂ ਦੀ ਰੈਂਕਿੰਗਜ਼ ’ਚ ਆਪਣਾ ਸਿਖ਼ਰਲਾ ਸਥਾਨ ਬਰਕਰਾਰ ਰੱਖਿਆ। ਕੋਹਲੀ ਨੂੰ ਆਸਟਰੇਲੀਆ ਖ਼ਿਲਾਫ਼ ਮੈਲਬਰਨ ਵਿੱਚ ਤੀਜੇ ਟੈਸਟ ਮੈਚ ’ਚ 82 ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਤਿੰਨ ਅੰਕਾਂ ਦਾ ਨੁਕਸਾਨ ਹੋਇਆ ਹੈ ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਨੇੜਲੇ ਵਿਰੋਧੀ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ’ਤੇ 34 ਅੰਕਾਂ ਦੀ ਬੜ੍ਹਤ ਬਣਾ ਕੇ ਰੱਖੀ ਹੈ। ਕੋਹਲੀ ਨੇ ਸਾਲ 2018 ਦੌਰਾਨ ਆਪਣੇ ਕਰੀਅਰ ’ਚ ਸਭ ਤੋਂ ਵੱਧ 937 ਰੇਟਿੰਗ ਅੰਕ ਹਾਸਲ ਕੀਤੇ ਸਨ ਜੋ ਕਿਸੇ ਭਾਰਤੀ ਬੱਲੇਬਾਜ਼ ਦਾ ਰਿਕਾਰਡ ਹੈ। ਉਸ ਨੇ ਇਸ ਸਾਲ ਟੈਸਟ ਮੈਚਾਂ ’ਚ ਕੁੱਲ 1322 ਦੌੜਾਂ ਬਣਾਈਆਂ। ਉਸ ਨੇ ਅਗਸਤ ਵਿੱਚ ਸਟੀਵਨ ਸਮਿੱਥ ਨੂੰ ਪਿੱਛੇ ਛੱਡਿਆ ਅਤੇ ਹੁਣ ਪਿਛਲੇ 135 ਦਿਨਾਂ ਤੋਂ ਸਿਖ਼ਰ ’ਤੇ ਹੈ। ਸਾਲ ਭਰ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਦੇ ਨਾਲ ਗੇਂਦਬਾਜ਼ੀ ਰੈਂਕਿੰਗ ’ਚ ਨੰਬਰ-1 ਲਈ ਦਿਲਚਸਪ ਜੰਗ ਲੜਨ ਵਾਲਾ ਰਬਾਡਾ ਹੁਣੇ ਆਪਣੇ ਇਸ ਨੇੜਲੇ ਵਿਰੋਧੀ ਤੋਂ ਸਿਰਫ਼ ਛੇ ਅੰਕ ਅੱਗੇ ਹੈ। ਸਿਖ਼ਰਲਾ ਸਥਾਨ ਹਾਸਲ ਕਰਨ ਵਾਲਾ ਸਭ ਤੋਂ ਨੌਜਵਾਨ ਤੇਜ਼ ਗੇਂਦਬਾਜ਼ ਬਣਿਆ ਰਬਾਦਾ ਇਸ ਸਾਲ 178 ਦਿਨ ਨੰਬਰ-1 ਦੇ ਸਥਾਨ ’ਤੇ ਰਿਹਾ। ਉਸ ਨੇ ਸੈਂਚੂਰੀਅਨ ’ਚ ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ ’ਚ ਛੇ ਵਿਕਟਾਂ ਲਈਆਂ ਸਨ। ਉਸ ਨੇ ਸਾਲ 2018 ’ਚ 10 ਮੈਚਾਂ ’ਚ 52 ਵਿਕਟਾਂ ਲਈਆਂ।ਭਾਰਤੀ ਕੰਧ ਚੇਤੇਸ਼ਵਰ ਪੁਜਾਰਾ ਨੇ ਵੀ ਚੌਥਾ ਸਥਾਨ ਬਰਕਰਾਰ ਰੱਖਿਆ ਹੈ। ਉਸ ਦੇ ਹੁਣ 834 ਅੰਕ ਹੋ ਗਏ ਹਨ। ਉਸ ਨੇ ਮੈਲਬਰਨ ’ਚ ਪਹਿਲੀ ਪਾਰੀ ’ਚ ਸੈਂਕੜਾ ਮਾਰਿਆ ਸੀ। ਵਿਕਟਕੀਪਰ ਰਿਸ਼ਭ ਪੰਤ 10 ਸਥਾਨ ਉੱਪਰ ਕਰੀਅਰ ਦੀ ਸਭ ਤੋਂ ਵਧੀਆ 38ਵੀਂ ਰੈਂਕਿੰਗ ’ਤੇ ਪਹੁੰਚ ਗਿਆ ਹੈ। ਮੈਲਬਰਨ ’ਚ ਸ਼ੁਰੂਆਤ ਕਰਨ ਵਾਲੇ ਮਯੰਕ ਅਗਰਵਾਲ ਨੇ 67ਵੇਂ ਨੰਬਰ ਦੇ ਬੱਲੇਬਾਜ਼ ਦੇ ਰੂਪ ’ਚ ਬੱਲੇਬਾਜ਼ੀ ਸੂਚੀ ’ਚ ਜਗ੍ਹਾ ਬਣਾਈ। ਉਸ ਨੇ 76 ਤੇ 42 ਦੌੜਾਂ ਦੀ ਦੋ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ ਅਤੇ ਭਾਰਤ ਨੂੰ 137 ਦੌੜਾਂ ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। ਅਜਿੰਕਿਆ ਰਹਾਣੇ ਸਿਖਰਲੇ 20 ’ਚ ਸ਼ਾਮਲ ਹੈ ਪਰ ਉਹ ਤਿੰਨ ਸਥਾਨ ਹੇਠਾਂ 18ਵੇਂ ਸਥਾਨ ’ਤੇ ਖਿਸਕ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਮੈਚ ’ਚ 86 ਦੌੜਾਂ ਦੇ ਕੇ ਨੌਂ ਵਿਕਟਾਂ ਲਈਆਂ ਜਿਸ ਨਾਲ ਉਹ 12 ਸਥਾਨਾਂ ਦੀ ਛਾਲ ਮਾਰ ਕੇ 16ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਹ ਹੁਣ ਇਸ ਰੂਪ ’ਚ ਸਭ ਤੋਂ ਵਧੀਆ ਰੈਂਕਿੰਗ ਵਾਲਾ ਭਾਰਤੀ ਤੇਜ਼ ਗੇਂਦਬਾਜ਼ ਹੈ। ਉਸ ਤੋਂ ਬਾਅਦ ਮੁਹੰਮਦ ਸ਼ਮੀ ਦਾ ਨੰਬਰ ਆਉਂਦਾ ਹੈ ਜੋ 23ਵੇਂ ਸਥਾਨ ’ਤੇ ਹੈ। ਸਪਿੰਨਰ ਰਵਿੰਦਰ ਜਡੇਜਾ (ਛੇਵੇਂ) ਇਕ ਅਤੇ ਜ਼ਖ਼ਮੀ ਹੋਣ ਕਾਰਨ ਐੱਮਸੀਜੀ ’ਚ ਨਾ ਖੇਡ ਸਕਣ ਵਾਲਾ ਰਵੀਚੰਦਰਨ ਅਸ਼ਵਿਨ (ਅੱਠਵੇਂ) ਦੋ ਸਥਾਨ ਹੇਠਾਂ ਖਿਸਕ ਗਿਆ ਹੈ। ਆਸਟਰੇਲੀਆ ਵੱਲੋਂ ਪੈਟ ਕਮਿਨਜ਼ ਨੂੰ ਆਪਣੇ ਆਲਰਾਊਂਡ ਪ੍ਰਦਰਸ਼ਨ ਦਾ ਫਾਇਦਾ ਮਿਲਿਆ। ਉਹ ਮੈਚ ਵਿੱਚ ਨੌਂ ਵਿਕਟਾਂ ਲੈਣ ਦੇ ਜ਼ੋਰ ’ਤੇ ਗੇਂਦਬਾਜ਼ੀ ’ਚ ਕਰੀਅਰ ਦੀ ਸਭ ਤੋਂ ਵਧੀਆ ਤੀਜੀ ਰੈਂਕਿੰਗ ’ਤੇ ਪਹੁੰਚ ਗਿਆ ਹੈ। ਬੱਲੇਬਾਜ਼ੀ ’ਚ ਵੀ ਉਸ ਨੂੰ 13 ਸਥਾਨਾਂ ਦਾ ਫਾਇਦਾ ਹੋਇਆ ਅਤੇ ਹੁਣ ਉਹ 91ਵੇਂ ਸਥਾਨ ’ਤੇ ਹੈ। ਟਰੈਵਿਸ ਸੱਤ ਸਥਾਨ ਉੱਪਰ 56ਵੇਂ ਸਥਾਨ ’ਤੇ ਕਾਬਜ਼ ਹੋ ਗਿਆ ਹੈ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਸ੍ਰੀਲੰਕਾ ’ਤੇ ਕਰਾਈਸਟਚਰਚ ’ਚ 423 ਦੌੜਾਂ ਦੀ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਕਾਰਨ ਫਾਇਦਾ ਹੋਇਆ ਹੈ। ਟਰੈਂਟ ਬੋਲਟ ਨੇ ਮੈਚ ’ਚ ਨੌਂ ਵਿਕਟਾਂ ਲਈਆਂ ਜਿਸ ਨਾਲ ਉਹ ਸੱਤ ਸਥਾਨ ਉੱਪਰ ਸੱਤਵੇਂ ਸਥਾਨ ’ਤੇ ਪਹੁੰਚ ਗਿਆ। ਟਿਮ ਸਾਊਥੀ ਦੋ ਸਥਾਨ ਉੱਪਰ ਨੌਵੇਂ ਅਤੇ ਨੀਲ ਵੈਗਨਰ ਇਕ ਸਥਾਨ ਉੱਪਰ 15ਵੇਂ ਸਥਾਨ ’ਤੇ ਪਹੁੰਚ ਗਿਆ। ਕਰਾਈਸਟਚਰਚ ਵਿਚ ਸੈਂਕੜਾ ਮਾਰਨ ਵਾਲਾ ਹੈਨਰੀ ਨਿਕੋਲਸ ਬੱਲੇਬਾਜ਼ੀ ’ਚ ਦੋ ਸਥਾਨ ਉੱਪਰ ਸੱਤਵੇਂ ਅਤੇ ਟੌਮ ਲੈਥਮ ਅੱਠ ਸਥਾਨ ਉੱਪਰ 14ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਜੀਤ ਰਾਵਲ ਵੀ ਦੋ ਸਥਾਨ ਉੱਪਰ 35ਵੇਂ ਸਥਾਨ ’ਤੇ ਕਾਬਜ਼ ਹੋ ਗਿਆ ਹੈ। ਦੱਖਣੀ ਅਫਰੀਕਾ ਦੀ ਗੱਲ ਕਰੀਏ ਤਾਂ ਸਾਬਕਾ ਕਪਤਾਨ ਹਾਸ਼ਿਮ ਅਮਲਾ ਤਿੰਨ ਸਥਾਨ ਉੱਪਰ 11ਵੇਂ ਅਤੇ ਤੈਂਬਾ ਬਾਵੂਮਾ ਚਾਰ ਸਥਾਨ ਉੱਪਰ 31ਵੇਂ ਸਥਾਨ ’ਤੇ ਪਹੁੰਚਿਆ ਹੈ। ਗੇਂਦਬਾਜ਼ਾਂ ’ਚ ਤੇਜ਼ ਗੇਂਦਬਾਜ਼ ਡੂਆਨੇ ਓਲੀਵਰ ਮੈਚ ’ਚ 11 ਵਿਕਟਾਂ ਲੈਣ ਦੀ ਬਦੌਲਤ 17 ਸਥਾਨ ਅੱਗੇ 36ਵੇਂ ਸਥਾਨ ’ਤੇ ਪਹੁੰਚ ਗਿਆ। ਪਾਕਿਸਤਾਨ ਦਾ ਬੱਲੇਬਾਜ਼ ਬਾਬਰ ਆਜ਼ਮ ਨੌਂ ਸਥਾਨ ਉੱਪਰ 27ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਟੀਮ ਰੈਂਕਿੰਗਜ਼ ’ਚ ਨਿਊਜ਼ੀਲੈਂਡ, ਭਾਰਤ ਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਚੌਥੇ ਸਥਾਨ ’ਤੇ ਖਿਸਕ ਗਿਆ ਹੈ।
Sports ਟੈਸਟ ਰੈਂਕਿੰਗ: ਕੋਹਲੀ ਤੇ ਰਬਾਡਾ ਸਿਖ਼ਰ ’ਤੇ ਕਾਬਜ਼