ਕਾਂਗਰਸ ’ਤੇ ਸੀਏਏ ਬਾਰੇ ਭੰਬਲਭੂਸਾ ਪੈਦਾ ਕਰਕੇ ਮਾਹੌਲ ਵਿਗਾੜਨ ਦੇ ਦੋਸ਼ ਲਾਏ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਕਿਤਾ ਸੋਧ ਕਾਨੂੰਨ (ਸੀਏਏ) ਦੇ ਮਾਮਲੇ ਸਬੰਧੀ ਕਾਂਗਰਸ ’ਤੇ ਭੰਬਲਭੂਸਾ ਪੈਦਾ ਕਰਨ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਦੇਸ਼ ਦੀ ਰਾਜਧਾਨੀ ਦਾ ਮਾਹੌਲ ਵਿਗਾੜਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ‘ਟੁਕੜੇ-ਟੁਕੜੇ’ ਗੈਂਗ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵਲੋਂ ਇੱਥੇ ਕਰਵਾਏ ਸਮਾਗਮ ਮੌਕੇ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਨਾਗਰਿਕਤਾ ਸੋਧ ਕਾਨੂੰਨ ’ਤੇ ਭੰਬਲਭੂਸਾ ਪੈਦਾ ਕੀਤਾ। ਲੋਕਾਂ ਨੂੰ ਸੀਏਏ ਬਾਰੇ ਗੁਮਰਾਹ ਕੀਤਾ, ਵਿਰੋਧੀ ਧਿਰ ਨੇ ਦਿੱਲੀ ਦਾ ਸ਼ਾਂਤੀਪੂਰਵਕ ਮਾਹੌਲ ਵਿਗਾੜ ਦਿੱਤਾ।’’ ਕੌਮੀ ਰਾਜਧਾਨੀ ਵਿੱਚ ਆਗਾਮੀ ਚੋਣਾਂ ਵਿੱਚ ਭਾਜਪਾ ਦੀ ਚੰਗੀ ਕਾਰਗੁਜ਼ਾਰੀ ਬਾਰੇ ਆਸਵੰਦ ਸ਼ਾਹ ਨੇ ਕਿਹਾ, ‘‘ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦਾ ਸਮਾਂ ਖ਼ਤਮ ਹੋ ਗਿਆ ਹੈ ਅਤੇ ਹੁਣ ਇੱਥੇ ਕਮਲ ਖਿੜੇਗਾ। ਉਨ੍ਹਾਂ ਕਿਹਾ, ‘‘ਕੀ ਤੁਹਾਨੂੰ ਅਜਿਹੀ ਸਰਕਾਰ ਨਹੀਂ ਚੁਣਨੀ ਚਾਹੀਦੀ, ਜੋ ਦਿੱਲੀ ਵਿੱਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਕਰੇ, ਜਦੋਂ ਸੰਸਦ ਵਿੱਚ ਨਾਗਰਿਕਤਾ ਸੋਧ ਬਿੱਲ ’ਤੇ ਚਰਚਾ ਚੱਲ ਰਹੀ ਸੀ ਤਾਂ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਸੀ ….ਬਾਅਦ ਵਿੱਚ ਉਨ੍ਹਾਂ ਨੇ ਇਸ ’ਤੇ ਭੰਬਲਭੂਸਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਿੱਲੀ ਦਾ ਮਾਹੌਲ ਖ਼ਰਾਬ ਕੀਤਾ। ਮੈਂਂ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਦੀ ਅਗਵਾਈ ਵਾਲਾ ਇਹ ਟੁਕੜੇ-ਟੁਕੜੇ ਗੈਂਗ ਹੀ ਦਿੱਲੀ ਦੀ ਸ਼ਾਂਤੀ ਭੰਗ ਕਰਨ ਲਈ ਜ਼ਿੰਮੇਵਾਰ ਹੈ, ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਸਬਕ ਸਿਖਾਇਆ ਜਾਵੇ, ਦਿੱਲੀ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣ।’’ ਉਨ੍ਹਾਂ ਅੱਗੇ ਕਿਹਾ, ‘‘ਦਿੱਲੀ ਨੇ ਸਾਨੂੰ ਸੱਤ ਭਾਜਪਾ ਸੰਸਦ ਮੈਂਬਰ ਦਿੱਤੇ ਹਨ ਅਤੇ ਹੁਣ ਸਮਾਂ ਹੈ ਕਿ ਕੌਮੀ ਰਾਜਧਾਨੀ ਦੇ ਵਿਕਾਸ ਲਈ ਅਗਲੀਆਂ ਚੋਣਾਂ ਵਿੱਚ ਭਾਜਪਾ ਵਿਧਾਇਕਾਂ ਨੂੰ ਮੌਕਾ ਦਿੱਤਾ ਜਾਵੇ।’’ ਕੇਜਰੀਵਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕੇਂਦਰ ਦੀਆਂ ਸਕੀਮਾਂ ਵਿੱਚ ਅੜਿੱਕੇ ਡਾਹੇ। ਉਨ੍ਹਾਂ ਕਿਹਾ, ‘‘ਕੇਜਰੀਵਾਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਆਯੂਸ਼ਮਾਨ ਭਾਰਤ ਸਕੀਮਾਂ ਲਾਗੂ ਨਹੀਂ ਕੀਤੀਆਂ। ਉਹ ਕੇਵਲ ਸਾਡੇ ਛੋਟੇ ਪ੍ਰੋਜੈਕਟਾਂ ’ਤੇ ਆਪਣਾ ਨਾਂ ਚਮਕਾਉਣਾ ਚਾਹੁੰਦਾ ਹੈ।’’ ਦਿੱਲੀ ਵਿੱਚ 2020 ਦੇ ਸ਼ੁਰੂ ਵਿੱਚ ਚੋਣਾਂ ਹੋਣੀਆਂ ਹਨ।