ਮਿਤਾਲੀ ਰਾਜ ਦੇ ਸੈਂਕੜੇ ਦੀ ਬਦੌਲਤ ਭਾਰਤ ‘ਏ’ ਨੇ ਅੱਜ ਇੱਥੇ ਆਸਟਰੇਲੀਆ ‘ਏ’ ਨੂੰ 28 ਦੌੜਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਮਿਤਾਲੀ ਨੇ ਸਮ੍ਰਿਤੀ ਮੰਧਾਨਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਆਸਟਰੇਲਿਆਈ ਗੇਂਦਬਾਜ਼ਾਂ ਨੂੰ ਸਬਕ ਸਿਖਾਉਂਦਿਆਂ 61 ਗੇਂਦਾਂ ’ਤੇ ਨਾਬਾਦ 105 ਦੌੜਾਂ ਬਣਾਈਆਂ। ਇਹ ਕਿਸੇ ਭਾਰਤੀ ਮਹਿਲਾ ਬੱਲੇਬਾਜ਼ ਦਾ ਟੀ-20 ਵਿੱਚ ਸਭ ਤੋਂ ਵੱਧ ਸਕੋਰ ਵੀ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ ਸਮ੍ਰਿਤੀ (102 ਦੌੜਾਂ) ਦੇ ਨਾਮ ਸੀ। ਮਿਤਾਲੀ ਨੇ ਸਿਰਫ਼ 31 ਗੇਂਦਾਂ ’ਤੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ, ਜਦਕਿ ਸੈਂਕੜੇ ਲਈ ਉਸ ਨੇ 59 ਗੇਂਦਾਂ ਖੇਡੀਆਂ। ਉਸ ਦੀ ਇਸ ਪਾਰੀ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ’ਤੇ 184 ਦੌੜਾਂ ਬਣਾਈਆਂ। ਆਸਟਰੇਲਿਆਈ ਟੀਮ ਇਸ ਦੇ ਜਵਾਬ ਵਿੱਚ ਨੌਂ ਵਿਕਟਾਂ ’ਤੇ 156 ਦੌੜਾਂ ਹੀ ਬਣਾ ਸਕੀ। ਸਮ੍ਰਿਤੀ (ਇੱਕ), ਜੇਮੀਮਾ ਰੌਡਰਿਗਜ਼ (ਪੰਜ), ਡੀ ਹੇਮਲਤਾ (ਦੋ) ਅਤੇ ਅਨੁਜਾ ਪਾਟਿਲ (ਸਿਫ਼ਰ) ਛੇਤੀ ਹੀ ਆਊਟ ਹੋ ਗਈਆਂ, ਪਰ ਮਿਤਾਲੀ ਡਟੀ ਰਹੀ। ਕਪਤਾਨ ਹਰਮਨਪ੍ਰੀਤ ਕੌਰ (33 ਗੇਂਦਾਂ ’ਤੇ 57 ਦੌੜਾਂ) ਨੇ ਉਸ ਦਾ ਚੰਗਾ ਸਾਥ ਦਿੱਤਾ। ਦੋਵਾਂ ਨੇ 85 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟਰੇਲਿਆਈ ਟੀਮ ਕਿਸੇ ਸਮੇਂ ਵੀ ਟੀਚਾ ਹਾਸਲ ਕਰਨ ਦੀ ਹਾਲਤ ਵਿੱਚ ਨਹੀਂ ਜਾਪੀ। ਉਸ ਵੱਲੋਂ ਸਲਾਮੀ ਬੱਲੇਬਾਜ਼ ਤਾਹਿਲਾ ਮੈਕਗ੍ਰਾਅ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਤੀ ਸ਼ਰਮਾ, ਪੂਨਮ ਯਾਦਵ ਅਤੇ ਅਨੁਜਾ ਪਾਟਿਲ ਨੇ ਦੋ-ਦੋ ਵਿਕਟਾਂ ਲਈਆਂ।
Sports ਟੀ-20: ਭਾਰਤ ਦੀ ਆਸਟਰੇਲੀਆ ‘ਏ’ ਉੱਤੇ ਲੀਡ