ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਲਈ ਵੀਰਵਾਰ ਨੂੰ ਆਰਾਮ ਦਿੱਤਾ ਗਿਆ ਹੈ ਜਦੋਂਕਿ ਮੁੰਬਈ ਦੇ ਸ਼ਿਵਮ ਦੂਬੇ ਨੂੰ ਘਰੇਲੂ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਨ ਲਈ ਪਹਿਲੀ ਵਾਰ ਟੀਮ ’ਚ ਲਿਆ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਤੇ ਸਪਿੰਨਰ ਯੁਜਵੇਂਦਰ ਚਾਹਲ ਦੀ ਟੀ-20 ਕੌਮਾਂਤਰੀ ਟੀਮ ’ਚ ਵਾਪਸੀ ਹੋਈ ਹੈ। ਪਹਿਲਾਂ ਵਾਂਗ ਕੋਹਲੀ ਦੀ ਗੈਰ- ਹਾਜ਼ਰੀ ’ਚ ਰੋਹਿਤ ਸ਼ਰਮਾ ਦੀ ਅਗਵਾਈ ਕਰੇਗਾ।
ਕੇਰਲ ਦੇ 24 ਸਾਲਾ ਸੈਮਸਨ ਨੇ ਆਪਣਾ ਇਕਮਾਤਰ ਟੀ-20 ਕੌਮਾਂਤਰੀ ਮੈਚ ਜ਼ਿੰਬਾਬਵੇ ਖ਼ਿਲਾਫ਼ 2015 ’ਚ ਖੇਡਿਆ ਸੀ। ਭਾਰਤ ‘ਏ’ ਟੀਮ ਦੇ ਨਿਯਮਤ ਮੈਂਬਰ ਸੈਮਸਨ ਨੂੰ ਵਿਜੈ ਹਜ਼ਾਰੇ ਟਰਾਫੀ ’ਚ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਜਿੱਥੇ ਉਸ ਨੇ ਅੱਠ ਪਾਰੀਆਂ ’ਚ ਇਕ ਦੂਹਰੇ ਸੈਂਕੜੇ ਦੀ ਮੱਦਦ ਨਾਲ 410 ਦੌੜਾਂ ਬਣਾਈਆਂ ਸਨ। ਚੋਣ ਕਮਟੀ ਦੀ ਬੈਠਕ ’ਚ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਪਿੱਠ ਦਰਦ ਤੋਂ ਨਹੀਂ ਉੱਭਰਿਆ ਹੈ। ਉਸ ਦੀ ਜਗ੍ਹਾ 26 ਸਾਲ ਦੂਬੇ ਨੂੰ ਸਭ ਤੋਂ ਛੋਟੇ ਰੂਪ ’ਚ ਜਗ੍ਹਾ ਮਿਲੀ ਹੈ। ਦੂਬੇ ਨੂੰ ਵਿਜੈ ਸ਼ੰਕਰ ’ਤੇ ਪਹਿਲ ਦਿੱਤੀ ਗਈ। ਉਸ ਦੀ ਚੋਣ ’ਚ ਉਸ ਦੀ ਲੰਬੇ ਸ਼ਾਟ ਖੇਡਣ ਦੀ ਸਮਰੱਥਾ ਨੇ ਅਹਿਮ ਭੂਮਿਕਾ ਨਿਭਾਈ।
ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਕਿਹਾ, ‘‘ਤੁਸੀਂ ਦੇਖਿਆ ਹੈ ਪਹਿਲਾਂ ਸਾਡੇ ਕੋਲ ਹਾਰਦਿਕ ਪਾਂਡਿਆ ਸੀ, ਉਸ ਤੋਂ ਬਾਅਦ ਅਸੀਂ ਵਿਜੈ ਸ਼ੰਕਰ ਨੂੰ ਵੀ ਅਜਮਾਇਤਆ। ਅਸੀਂ ਸਾਰੇ ਇਸ ’ਤੇ ਸਹਿਮਤ ਸਨ ਕਿ ਸਾਨੂੰ ਜਿਸ ਭੂਮਿਕਾ ਲਈ ਖਿਡਾਰੀ ਚਾਹੀਦਾ ਹੈ ਉਸ ਵਿੱਚ ਦੂਬੇ ਫਿੱਟ ਬੈਠਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮਲਾਵਰ ਅੰਦਾਜ਼ ’ਚ ਬੱਲੇਬਾਜ਼ੀ ਕਰਦਾ ਹੈ। ਵੈਸਟਇੰਡੀਜ਼ ’ਚ ਭਾਰਤ ‘ਏ’ ਲੜੀ ਅਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਇਕ ਰੋਜ਼ਾ (ਭਾਰਤ ‘ਏ’ ਲਈ) ’ਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਬੰਗਲਾਦੇਸ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਦੱਖਣੀ ਅਫ਼ਰੀਕਾ ’ਤੇ 3-0 ਨਾਲ ਜਿੱਤ ਦਰਜ ਕਰਨ ਵਾਲੀ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਲੜੀ 3 ਨਵੰਬਰ ਨੂੰ ਤਿੰਨ ਟੀ-20 ਕੌਮਾਂਤਰੀ ਮੈਚਾਂ ਤੋਂ ਸ਼ੁਰੂ ਹੋਵੇਗੀ ਅਤੇ ਉਸ ਤੋਂ ਬਾਅਦ ਦੋ ਟੈਸਟ ਮੈਚ ਖੇਡੇ ਜਾਣਗੇ। ਪਹਿਲਾ ਟੀ-20 3 ਨਵੰਬਰ ਨੂੰ ਨਵੀਂ ਦਿੱਲੀ ’ਚ ਹੋਵੇਗਾ ਜਦੋਂਕਿ ਬਾਕੀ ਦੋ ਮੈਚ 7 ਤੇ 10 ਨਵੰਬਰ ਨੂੰ ਕ੍ਰਮਵਾਰ ਰਾਜਕੋਟ ਤੇ ਨਾਗਪੁਰ ’ਚ ਖੇਡੇ ਜਾਣਗੇ। ਟੈਸਟ ਮੈਚ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹਨ। ਪਹਿਲਾ ਟੈਸਟ ਮੈਚ 14 ਤੋਂ 18 ਨਵੰਬਰ ਵਿਚਾਲੇ ਇੰਦੌਰ ’ਚ ਅਤੇ ਦੂਜਾ ਟੈਸਟ ਮੈਚ 22 ਤੋਂ 26 ਨਵੰਬਰ ਵਿਚਾਲੇ ਕੋਲਕਾਤਾ ’ਚ ਖੇਡਿਆ ਜਾਵੇਗਾ।
ਬੰਗਲਾਦੇਸ਼ ਦੇ ਖਿਡਾਰੀਆਂ ਦੀ ਹੜਤਾਲ ਕਾਰਨ ਪਹਿਲਾਂ ਇਹ ਦੌਰਾ ਰੱਦ ਹੁੰਦਾ ਨਜ਼ਰ ਆ ਰਿਹਾ ਸੀ ਪਰ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਅਗਵਾਈ ਵਾਲੇ ਕ੍ਰਿਕਟਰਾਂ ਨੇ ਬੁੱਧਵਾਰ ਨੂੰ ਹੜਤਾਲ ਸਮਾਪਤ ਕਰ ਦਿੱਤੀ। ਦੱਖਣੀ ਅਫ਼ਰੀਕਾ ਖ਼ਿਲਾਫ਼ ਆਖ਼ਰੀ ਟੈਸਟ ਮੈਚ ’ਚ ਖੇਡਣ ਵਾਲੇ ਹੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਨਦੀਮ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ। ਉਹ ਮੁੱਖ ਟੀਮ ਦਾ ਹਿੱਸਾ ਨਹੀਂ ਅਤੇ ਉਸ ਨੂੰ ਜ਼ਖ਼ਮੀ ਕੁਲਦੀਪ ਯਾਦਵ ਦੀ ਜਗ੍ਹਾ ਰਾਂਚੀ ਟੈਸਟ ਲਈ ਟੀਮ ’ਚ ਲਿਆ ਗਿਆ ਸੀ। ਉਸ ਨੇ ਉਸ ਮੈਚ ’ਚ ਚਾਰ ਵਿਕਟਾਂ ਲਈਆਂ ਸਨ। ਟੀ-20 ਟੀਮ ’ਚ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁੱਲ ਠਾਕੁਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਰਾਮ ਦਿੱਤਾ ਗਿਆ ਹੈ। ਦਿੱਲੀ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਫਿੱਟਨੈੱਸ ਕਾਰਨਾਂ ਕਰ ਕੇ ਟੀਮ ’ਚ ਨਹੀਂ ਚੁਣਿਆ ਗਿਆ ਹੈ। ਮਹਿੰਦਰ ਸਿੰਘ ਧੋਨੀ ਨੇ ਵਿਸ਼ਵ ਕੱਪ ਦੇ ਬਾਅਦ ਤੋਂ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਰਿਸ਼ਭ ਪੰਤ ਨੂੰ ਉਸ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਪਰ ਸੈਮਸਨ ਦੀ ਵਾਪਸ ਨਾਲ ਉਸ ਉੱਪਰ ਦਬਾਅ ਵਧੇਗਾ। ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਕਿਹਾ, ‘‘ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸੱਟ ਤੋਂ ਉੱਭਰ ਕੇ ਅਗਲੀ ਲੜੀ (ਵੈਸਟਇੰਡੀਜ਼ ਖ਼ਿਲਾਫ਼) ’ਚ ਵਾਪਸੀ ਕਰ ਸਕਦਾ ਹੈ।’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ’ਚ ਅਜੇ ਸਮਾਂ ਲੱਗੇਗਾ। ਬੁਮਰਾਹ ਤੇ ਹਾਰਦਿਕ ਦੋਹਾਂ ਦਾ ਇਸ ਮਹੀਨੇ ਦੇ ਸ਼ੁਰੂ ’ਚ ਪਿੱਠ ਦੀ ਪ੍ਰੇਸ਼ਾਨੀ ਕਰ ਕੇ ਬਰਤਾਨੀਆ ’ਚ ਆਪ੍ਰੇਸ਼ਨ ਕੀਤਾ ਗਿਆ ਸੀ।
Sports ਟੀ-20: ਬੰਗਲਾਦੇਸ਼ ਖ਼ਿਲਾਫ਼ ਟੀਮ ਦੀ ਅਗਵਾਈ ਰੋਹਿਤ ਨੂੰ ਸੌਂਪੀ