ਕਪਤਾਨ ਵਿਰਾਟ ਕੋਹਲੀ ਦੀ ਨਾਬਾਦ ਨੀਮ ਸੈਂਕੜੇ ਵਾਲੀ ਪਾਰੀ ਅਤੇ ਕ੍ਰਿਨਾਲ ਪੰਡਿਆ ਦੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਆਖਰੀ ਟੀ-20 ਕੌਮਾਂਤਰੀ ਮੈਚ ਵਿੱਚ ਆਸਟਰੇਲੀਆ ਨੂੰ ਦੋ ਗੋਂਦ ਬਾਕੀ ਰਹਿੰਦਿਆਂ ਛੇ ਵਿਕਟਾਂ ਦੀ ਸ਼ਿਕਸਤ ਦਿੰਦਿਆਂ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਅੱਜ ਦੇ ਨਤੀਜੇ ਨਾਲ ਭਾਰਤ ਨੇ ਪਿਛਲੇ ਦਸ ਮਹੀਨਿਆਂ ਤੋਂ ਟੀ-20 ਲੜੀ ਵਿੱਚ ਆਪਣੇ ਅਜੇਤੂ ਰਹਿਣ ਦੀ ਮੁਹਿੰਮ ਨੂੰ ਬਰਕਰਾਰ ਰੱਖਿਆ ਹੈ। ਆਸਟਰੇਲਿਆਈ ਟੀਮ ਨੇ ਬ੍ਰਿਸਬੇਨ ਵਿੱਚ ਮੀਂਹ ਪ੍ਰਭਾਵਿਤ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਡਕਵਰਥ ਲੁਇਸ ਫਾਰਮੂਲੇ ਨਾਲ ਚਾਰ ਦੌੜਾਂ ਦੀ ਜਿੱਤ ਦਰਜ ਕੀਤੀ ਸੀ ਜਦੋਂ ਕਿ ਦੂਜਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।
ਪੰਡਿਆ ਵੱਲੋਂ ਲਈਆਂ ਚਾਰ ਵਿਕਟਾਂ ਸਦਕਾ ਮੇਜ਼ਬਾਨ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਹੀ ਬਣਾ ਸਕੀ। ਕੋਹਲੀ ਦੀਆਂ ਨਾਬਾਦ 61 ਦੌੜਾਂ ਦੀ ਮਦਦ ਨਾਲ ਭਾਰਤ ਨੇ 19.4 ਓਵਰਾਂ ਵਿੱਚ 164 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਹ ਲਗਾਤਾਰ ਦਸਵੀਂ ਲੜੀ ਹੈ ਜਦੋਂ ਭਾਰਤ ਨੇ ਆਪਣੀ ਅਜੇਤੂ ਲੈਅ ਜਾਰੀ ਰੱਖੀ ਹੈ। ਟੀਮ ਨੇ ਇਸ ਦੌਰਾਨ ਦੋ ਲੜੀਆਂ (ਦੋਵੇਂ ਆਸਟਰੇਲੀਆ ਖ਼ਿਲਾਫ਼) ਡਰਾਅ ਖੇਡੀਆਂ ਜਦੋਂ ਕਿ ਅੱਠ ਵਿੱਚ ਜਿੱਤ ਦਰਜ ਕੀਤੀ ਹੈ।
ਕੋਹਲੀ ਨੇ 41 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਚਾਰ ਚੌਕੇ ਤੇ ਦੋ ਛੱਕੇ ਲਾਏ ਜਦੋਂ ਕਿ ਦਿਨੇਸ਼ ਕਾਰਤਿਕ 22 ਦੌੜਾਂ (18 ਗੇਂਦਾਂ, ਇਕ ਚੌਕਾ ਤੇ ਇਕ ਛੱਕਾ) ਬਣਾ ਕੇ ਨਾਬਾਦ ਰਿਹਾ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ (41) ਤੇ ਰੋਹਿਤ ਸ਼ਰਮਾ (23) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੇ ਵਿਕਟ ਲਈ 67 ਦੌੜਾਂ ਦੀ ਭਾਈਵਾਲੀ ਕੀਤੀ ਤੇ ਦੋਵੇਂ ਇਸੇ ਸਕੋਰ ’ਤੇ ਆਊਟ ਹੋ ਗਏ। ਮਗਰੋਂ ਕੋਹਲੀ ਤੇ ਲੋਕੇਸ਼ ਰਾਹੁਲ (14) ਕਰੀਜ਼ ’ਤੇ ਉਤਰੇ। ਰਾਹੁਲ ਬਹੁਤਾ ਚਿਰ ਮੈਦਾਨ ’ਤੇ ਨਹੀਂ ਟਿਕ ਸਕਿਆ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਆਉਂਦੇ ਹੀ ਚਲਦਾ ਬਣਿਆ। ਕੋਹਲੀ ਨੇ ਮਗਰੋਂ ਕਾਰਤਿਕ ਨਾਲ ਪੰਜਵੇਂ ਵਿਕਟ ਲਈ 60 ਦੌੜਾਂ ਦੀ ਨਾਬਾਦ ਭਾਈਵਾਲੀ ਕਰ ਕੇ ਭਾਰਤ ਨੂੰ ਜਿੱਤ ਦੀਆਂ ਬਰੂਹਾਂ ਤੋਂ ਪਾਰ ਲੰਘਾਇਆ।
ਇਸ ਤੋਂ ਪਹਿਲਾਂ ਮੇਜ਼ਬਾਨ ਆਸਟਰੇਲੀਅਨ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਓਵਰਾਂ ’ਚ ਬਿਨਾਂ ਕੋਈ ਵਿਕਟ ਗੁਆਇਆਂ 68 ਦੌੜਾਂ ਨਾਲ ਮਜ਼ਬੂਤ ਸਥਿਤੀ ਵਿੱਚ ਸੀ, ਪਰ ਫਿਰ ਪੰਡਿਆ ਨੇ ਸਹੀ ਸਮੇਂ ’ਤੇ ਚਾਰ ਵਿਕਟ ਕੱਢਦਿਆਂ ਮੇਜ਼ਬਾਨ ਟੀਮ ਦੀ ਦੌੜਾਂ ਦੀ ਰਫ਼ਤਾਰ ਨੂੰ ਬ੍ਰੇਕ ਲਾ ਦਿੱਤੀ। ਭੁਵਨੇਸ਼ਵਰ ਕੁਮਾਰ ਤੇ ਖ਼ਲੀਲ ਅਹਿਮਦ ਬਿਨਾਂ ਕੋਈ ਵਿਕਟ ਲਿਆਂ ਥੋੜ੍ਹੇ ਮਹਿੰਗੇ ਸਾਬਤ ਹੋਏ। ਜਸਪ੍ਰੀਤ ਬਮਰਾਹ ਵੀ ਦੌੜਾਂ ਦੀ ਰਫ਼ਤਾਰ ਨੂੰ ਠੱਲ੍ਹਣ ਵਿੱਚ ਨਾਕਾਮ ਰਿਹਾ। ਆਸਟਰੇਲੀਅਨ ਬੱਲੇਬਾਜ਼ਾਂ ’ਚੋਂ ਆਰੋਨ ਫਿੰਚ (28) ਤੇ ਡਾਰਸੀ ਸ਼ਾਰਟ (33) ਨੇ ਟੀਮ ਨੂੰ ਚੌਕਸ ਸ਼ੁਰੂਆਤ ਦਿੱਤੀ।
ਹੋਰਨਾਂ ਬੱਲੇਬਾਜ਼ਾਂ ’ਚ ਗਲੈਨ ਮੈਕਸਵੈੱਲ ਤੇ ਕ੍ਰਿਸ ਲਿਨ ਨੇ 13-13 ਜਦੋਂਕਿ ਵਿਕਟ ਕੀਪਰ ਬੱਲੇਬਾਜ਼ ਐਲਕਸ ਕੇਅਰੀ ਨੇ 27 ਦੌੜਾਂ ਦਾ ਯੋਗਦਾਨ ਪਾਇਆ।
Sports ਟੀ-20 ’ਚ ਭਾਰਤ ਦਾ ਅਜਿੱਤ ਰਹਿਣ ਦਾ ਰਿਕਾਰਡ ਬਰਕਰਾਰ