ਕੋਲਕਾਤਾ (ਸਮਾਜ ਵੀਕਲੀ) : ਨਾਰਦਾ ਸਟਿੰਗ ਮਾਮਲੇ ’ਚ ਸੀਬੀਆਈ ਵੱਲੋਂ ਟੀਐੱਮਸੀ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ’ਚ ਤ੍ਰਿਣਮੂਲ ਕਾਂਗਰਸ ਦੇ ਸੈਂਕੜੇ ਵਰਕਰਾਂ ਨੇ ਕੋਲਕਾਤਾ ਸਮੇਤ ਸੂਬੇ ਦੀਆਂ ਹੋਰਨਾਂ ਥਾਵਾਂ ’ਤੇ ਰੋਸ ਰੈਲੀਆਂ ਕੀਤੀਆਂ। ਵੱਡੀ ਗਿਣਤੀ ’ਚ ਟੀਐੱਮਸੀ ਵਰਕਰਾਂ ਨੇ ਇੱਥੇ ਸੀਬੀਆਈ ਦਫ਼ਤਰ ਅਤੇ ਰਾਜਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਿਨ੍ਹਾਂ ਨੂੰ ਹਟਾਉਣ ਲਈ ਵੱਡੀ ਗਿਣਤੀ ’ਚ ਪੁਲੀਸ ਮੌਕੇ ’ਤੇ ਪਹੁੰਚੀ।
ਟੀਐੱਮਸੀ ਆਗੂਆਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਾਰਟੀ ਵਰਕਰਾਂ ਨੇ ਇੱਥੇ ਝੰਡੇ ਲਹਿਰਾਏ ਅਤੇ ਸੀਬੀਆਈ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇ ਮਾਰੇ। ਉਨ੍ਹਾਂ ਰਾਜਭਵਨ ਦੇ ਬਾਹਰ ਰਾਜਪਾਲ ਜਗਦੀਪ ਧਨਖੜ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਜਿਨ੍ਹਾਂ ਚਾਰਾਂ ਆਗੂਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਟੀਐੱਮਸੀ ਵਰਕਰਾਂ ਨੇ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦਫ਼ਤਰ ਦੇ ਮੁੱਖ ਗੇਟ ਅੱਗੇ ਲੱਗੀਆਂ ਰੋਕਾਂ ਤੋੜ ਦਿੱਤੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁਝ ਮੁਜ਼ਾਹਰਾਕਾਰੀਆਂ ਨੇ ਇੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ’ਤੇ ਪਥਰਾਅ ਕੀਤਾ ਅਤੇ ਪਲਾਸਟਿਕ ਦੀਆਂ ਬੋਤਲਾਂ ਵੀ ਸੁੱਟੀਆਂ।
ਇਸ ਤੋਂ ਇਲਾਵਾ ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਤੇ ਉੱਤਰ 24 ਪਰਗਨਾ ਦੇ ਕਮਾਰਹਾਟੀ ਸਮੇਤ ਹੋਰਨਾਂ ਇਲਾਕਿਆਂ ’ਚ ਮੁਜ਼ਾਹਰਾਕਾਰੀਆਂ ਨੇ ਟਾਇਰ ਸਾੜੇ, ਸੜਕਾਂ ਜਾਮ ਕੀਤੀਆਂ ਤੇ ਪਾਰਟੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਟੀਐੱਮਸੀ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਤੇ ਪਾਰਟੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਮੁਜ਼ਾਹਰਾਕਾਰੀਆਂ ਨੂੰ ਨਿਆਂਪਾਲਿਕਾ ’ਚ ਭਰੋਸਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕੀਤਾ, ‘ਮੈਂ ਸਾਰਿਆਂ ਨੂੰ ਕਾਨੂੰਨ ਦਾ ਪਾਲਣ ਕਰਨ ਦੀ ਅਪੀਲ ਕਰਦਾ ਹਾਂ ਅਤੇ ਪੱਛਮੀ ਬੰਗਾਲ ਤੇ ਉਸ ਦੀ ਜਨਤਾ ਦੇ ਹਿੱਤ ’ਚ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਤੋਂ ਬਚਣ ਦੀ ਅਪੀਲ ਕਰਦਾ ਹਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly