ਕੀ ਗੱਲ ਕਰੀਏ ਉਨ੍ਹਾਂ ਬੱਚਿਆਂ ….

ਮਲਕੀਤ ਮੀਤ

(ਸਮਾਜ ਵੀਕਲੀ)

ਗੀਤ/ਮਲਕੀਤ ਮੀਤ

ਕੀ ਗੱਲ ਕਰੀਏ ਉਨ੍ਹਾਂ ਬੱਚਿਆਂ ਦੀ ਜਿਨ੍ਹਾਂ ਜਨਮ ਲਿਆ ਤੇ ਮਾਂ ਮੋਈ
ਬੇਸ਼ੱਕ ਹਰ ਔਰਤ ਮਾਂ ਵਰਗੀ,
ਪਰ ਬਣ ਸਕਦੀ ਨਹੀਂ ਮਾਂ ਕੋਈ

ਜੀਹਨੂੰ ਕਦੇ ਵੀ ਲਾਡ ਲਡਾਇਆ ਨਾ, ਜੀਹਨੂੰ ਪੁੱਤਰ ਆਖ ਬੁਲਾਇਆ ਨਾ
ਕੱਖ ਗਲੀਆਂ ਦੇ ਚੁੱਗਦੇ ਨੂੰ,ਕਿਸੇ ਬਾਂਹ ਫ਼ੜ ਕੋਲ ਬਿਠਾਇਆ ਨਾ
ਮਾਂ ਵੇਖੀ ਨਹੀਂ ਜਿਸ ਚੰਦਰੇ ਨੇ,
ਅੱਖ ਓਸੇ ਲਈ ਕਿਉਂ ਮਾਂ ਰੋਈ
ਬੇਸ਼ੱਕ ਹਰ ਔਰਤ ਮਾਂ ਵਰਗੀ
ਪਰ ਬਣ ਨਹੀਂ ਸਕਦੀ ਮਾਂ ਕੋਈ….,

ਜੀਹਨੂੰ ਲੋਰੀਆਂ ਕਦੇ ਸੁਣਾਈਆਂ ਨਾ, ਤੇ ਚੂਰੀਆਂ ਕੁੱਟ ਖਵਾਈਆਂ ਨਾ
ਧੱਕੇ ਦੁਨੀਆਂ ਦੇ ਖਾਂਦੇ ਨਾਲ਼ ਕਦੇ ਖੁਸ਼ੀਆਂ ਬੈਠ ਮਨਾਈਆਂ ਨਾ
ਲੋਕੀ ਨੇ ਮਾਂ ਨੂੰ ਰੱਬ ਕਹਿੰਦੇ, ਪਰ ਰੱਬ ਦੀ ਅੱਖ ਕਦੇ ਨਾ ਚੋਈ
ਬੇਸ਼ੱਕ ਹਰ ਔਰਤ ਮਾਂ ਵਰਗੀ,
ਪਰ ਬਣ ਨਹੀਂ ਸਕਦੀ ਮਾਂ ਕੋਈ….,

ਗੱਲ ਦਿਲ ਦੀ ਕਦੇ ਵੀ ਦੱਸਦੇ ਨਾ, ਨਾ ਗਾਉਂਦੇ, ਨੱਚਦੇ, ਹੱਸਦੇ ਨਾ
ਦੁੱਖ ਵਿਹੰਦੇ ਨਿੱਤ ਪਹਾੜਾਂ ਜਿਹੇ,
ਕਦੇ ਰਾਹ ਖ਼ੁਸ਼ੀਆਂ ਦੀ ਤੱਕਦੇ ਨਾ
ਮਾਂ ਮਿਲੀ ਕਿਤੇ ਤਾਂ ਪੁੱਛਾਂਗਾ,
ਮੇਰੇ ਸੰਗ ਕਾਹਤੋਂ ਇੰਜ ਮਾਂ ਹੋਈ
ਬੇਸ਼ੱਕ ਹਰ ਔਰਤ ਮਾਂ ਵਰਗੀ,
ਪਰ ਬਣ ਨਹੀਂ ਸਕਦੀ ਮਾਂ ਕੋਈ….,

ਕਦੇ ਵਿੱਛੜੇ ਨਾ ਬੱਚਿਆਂ ਦੀ ਮਾਂ,
ਦਿਲ ਦੇ ਭੋਲੇ-ਸੱਚਿਆਂ ਦੀ ਮਾਂ
ਕਰੇ ‘ਮੀਤ’ ਦੂਆਵਾਂ ਨਿੱਸ ਦਿਨ ਇਹ, ਰਹੇ ਕੋਲ਼ ਸਦਾ ਬੱਚਿਆਂ ਦੀ ਮਾਂ
ਕੁੱਲ ਦੁਨੀਆਂ ਧੁੱਪ ਕੜਕਦੀ ਜਿਹੀ, ਸੰਘਣੀਂ ਮਾਂ ਜਿਹੀ ਨਾ ਛਾਂ ਕੋਈ
ਬੇਸ਼ੱਕ ਹਰ ਔਰਤ ਮਾਂ ਵਰਗੀ,
ਪਰ ਬਣ ਨਹੀਂ ਸਕਦੀ ਮਾਂ ਕੋਈ…,

Previous articleस्वयं सैनिक दल संगठन ने गुजरात के पाटन में प्लाज्मा के लिए ब्लड डोनेशन कैम्प का आयोजन किया
Next articleRailways to set up 86 O2 plants for its hospitals