ਟਿੱਡੀ ਦਲ: ਕਿਸਾਨ ਚਿੰਤਾ ’ਚ ਡੁੱਬੇ, ਖੇਤੀਬਾੜੀ ਅਧਿਕਾਰੀ ਖੇਤਾਂ ਵੱਲ ਭੱਜੇ

ਮੋਗਾ (ਸਮਾਜਵੀਕਲੀ)- ਸੂਬੇ ’ਚ ਟਿੱਡੀ ਦਲ ਦੇ ਖ਼ਤਰੇ ਦੀ ਆਮਦ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਆਖਿਆ ਹੈ। ਕੋਵਿਡ-19 ਜੰਗ ਲੜ ਰਹੀ ਅਫ਼ਸਰਸ਼ਾਹੀ ਹੁਣ ਟਿੱਡੀ ਦਲ ਦੀ ਕੁਦਰਤੀ ਆਫ਼ਤ ਨਾਲ ਨਿਪਟਣ ਲਈ ਪ੍ਰਬੰਧਾਂ ’ਚ ਜੁਟ ਗਈ ਹੈ। ਸਰਕਾਰ ਵੱਲੋਂ ਪਿੰਡ ਪੱਧਰ ਉੱਤੇ ਕਮੇਟੀਆਂ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਕਿਸਾਨ ਨਿਰਮਲ ਸਿੰਘ ਮਾਣੂੰਕੇ ਤੇ ਗੁਲਜ਼ਾਰ ਸਿੰਘ ਘੱਲਕਲਾਂ ਆਦਿ ਕਿਸਾਨਾਂ ਨੇ ਆਖਿਆ ਕਿ ਟਿੱਡੀ ਦਲ ਨੇ ਉਨ੍ਹਾਂ ਦਾ ਦਿਨ ਦਾ ਚੈਨ ਤੇ ਰਾਤ ਦੀ ਨੀਂਹ ਖੋਹ ਲਈ ਹੈ। ਉਹ ਆਪਣੇ ਪੱਧਰ ਉੱਤੇ ਖਾਲੀ ਪੀਪਿਆਂ ਅਤੇ ਪਾਣੀ ਦੀਆਂ ਟੈਂਕੀਆਂ ਤੇ ਪਾਈਪਾਂ ਆਦਿ ਦਾ ਪ੍ਰਬੰਧ ਕਰ ਰਹੇ ਹਨ। ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸੂਬੇ ’ਚ ਸਥਿਤੀ ਕੰਟਰੋਲ ਹੇਠ ਹੈ ਅਤੇ ਟਿੱਡੀ ਦਲ ਦੇ ਖ਼ਾਤਮੇ ਲਈ ਪੁਖ਼ਤਾ ਪ੍ਰਬੰਧ ਕਰ ਲਏ ਹਨ।

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਟਿੱਡੀ ਦਲ ਦੇ ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ। ਸਬ ਡਿਵੀਜ਼ਨ ਪੱਧਰ ਉੱਤੇ ਸਬੰਧਤ ਐੱਸਡੀਐੱਮ ਦੀ ਨਿਗਰਾਨੀ ਹੇਠ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕਮੇਟੀ ’ਚ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀਆਂਂ ਡਿਊਟੀਆਂ ਲਗਾਈਆਂ ਗਈਆਂ ਹਨ।

ਮੁੱਖ ਖੇਤੀਬਾੜੀ ਅਫ਼ਸਰ ਡਾ.ਬਲਵਿੰਦਰ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਹਰਦੇਵ ਸਿੰਘ ਅਤੇ ਮੁਹਿੰਮ ਦੇ ਨੋਡਲ ਅਫ਼ਸਰ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਇਸ ਮੌਕੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਟਿੱਡੀ ਦਲ ਦੇ ਬਾਲਗ ਕੀੜੇ ਦੀ ਪਹਿਚਾਣ ਇਸ ਦੇ ਪੀਲੇ ਰੰਗ ਦੇ ਸ਼ਰੀਰ ਉਪਰ ਕਾਲੇ ਰੰਗ ਦੇ ਨਿਸ਼ਾਨਾਂ ਅਤੇ ਜਬਾੜੇ ਗੂੜ੍ਹੇ ਜਾਮਣੀ ਤੋਂ ਕਾਲੇ ਰੰਗ ਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੀਆਂ ਕੁਝ ਟਿੱਡੀਆਂ ਜਾਂ ਛੋਟੇ ਸਮੂਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

Previous articleਕਰੋਨਾ ਟੈਸਟਾਂ ਦੇ ਮਾਮਲੇ ‘ਚ ਪਿਛੜਿਆ ਪੰਜਾਬ
Next articleਅੰਮ੍ਰਿਤਸਰ ’ਚ 13 ਹੋਰ ਕਰੋਨਾ ਪਾਜ਼ੇਟਿਵ ਕੇਸ ਆਏ