ਨਿਊਯਾਰਕ (ਸਮਾਜ ਵੀਕਲੀ) : ਮਾਈਕਰੋਸਾਫ਼ਟ ਨੇ ਕਿਹਾ ਹੈ ਕਿ ਕੰਪਨੀ ਦੇ ਸੀਈਓ ਸੱਤਿਆ ਨਾਡੇਲਾ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਵਾਰਤਾ ਤੋਂ ਬਾਅਦ ਉਹ ਟਿਕ ਟੌਕ ਦੇ ਅਮਰੀਕੀ ਕਾਰੋਬਾਰ ਨੂੰ ਖ਼ਰੀਦਣ ਲਈ ਗੱਲਬਾਤ ਜਾਰੀ ਰਖਣਗੇ। ਮਾਈਕਰੋਸਾਫ਼ਟ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਨੇ ਕਿਹਾ ਸੀ ਕਿ ਸੁਰੱਖਿਆ ਦੇ ਮੱਦੇਨਜ਼ਰ ਉਹ ਅਮਰੀਕਾ ’ਚ ਟਿਕ ਟੌਕ ’ਤੇ ਪਾਬੰਦੀ ਲਗਾ ਸਕਦੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਮਾਈਕਰੋਸਾਫ਼ਟ ਰਾਸ਼ਟਰਪਤੀ ਦੇ ਖਦਸ਼ਿਆਂ ਨੂੰ ਦੂਰ ਕਰਨ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਟਿਕ ਟੌਕ ਦੀ ਮੁੱਖ ਕੰਪਨੀ ਬਾਈਟ-ਡਾਂਸ ਨਾਲ ਰਾਬਤਾ ਕਾਇਮ ਕਰ ਕੇ 15 ਸਤੰਬਰ ਤੱਕ ਸਭ ਕੁਝ ਤੈਅ ਕਰ ਲੈਣਗੇ।