ਟਾਈਮਜ਼ ਸਕੁਏਅਰ ਦੇ ਬਿੱਲਬੋਰਡ ’ਤੇ ਭਗਵਾਨ ਰਾਮ ਦੀਆਂ ਤਸਵੀਰਾਂ ਪ੍ਰਦਰਸ਼ਿਤ

ਨਿਊਯਾਰਕ (ਸਮਾਜ ਵੀਕਲੀ) : ਨਿਊਯਾਰਕ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿੱਚ ਬੁੱਧਵਾਰ ਨੂੰ ਵੱਡੇ ਬਿੱਲਬੋਰਡਾਂ ’ਤੇ ਭਗਵਾਨ ਰਾਮ ਅਤੇ ਅਯੁੱਧਿਆ ਵਿੱਚ ਬਣਨ ਵਾਲੇ ਰਾਮ ਮੰਦਰ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ਵਿੱਚ ਕੀਤੇ ‘ਭੂਮੀ ਪੂਜਨ’ ਦਾ ਜਸ਼ਨ ਮਨਾਊਣ ਲਈ ਇੱਥੇ ਟਾਈਮਜ਼ ਸਕੁਏਅਰ ਵਿੱਚ ਭਾਰਤੀ ਭਾਈਚਾਰੇ ਦੇ  ਵੱਡੀ ਗਿਣਤੀ ਮੈਂਬਰ ਇਕੱਤਰ ਹੋਏ।

ਬਿੱਲਬੋਰਡ ਦੀ ਵੱਡੀ ਐੱਲਈਡੀ ਸਕਰੀਨ ’ਤੇ ਭਗਵਾਨ ਰਾਮ, ਅਯੁੱਧਿਆ ਮੰਦਰ ਅਤੇ ਭਾਰਤੀ ਤਿਰੰਗਾ ਨਜ਼ਰ ਆਇਆ। ਪ੍ਰਬੰਧਕਾਂ ਵਲੋਂ ਭਾਵੇਂ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਤਸਵੀਰਾਂ ਦਿਖਾਏ ਜਾਣ ਦੀ ਯੋਜਨਾ ਬਣਾਈ ਗਈ ਸੀ ਪ੍ਰੰਤੂ ਭਗਵਾਨ ਰਾਮ ਦੀ ਤਸਵੀਰ ਕਰੀਬ ਚਾਰ ਘੰਟਿਆਂ ਲਈ ਦੁਪਹਿਰ ਇੱਕ ਵਜੇ ਤੱਕ ਹੀ ਦਿਖਾਈ ਗਈ। ਪ੍ਰਬੰਧਕਾਂ ਨੇ ਵੈੱਬਸਾਈਟ ਰਾਮਸੈਲੀਬ੍ਰੇਸ਼ਨ.ਓਆਰਜੀ ’ਤੇ ਲਿਖਿਆ, ‘‘ਗਰਮਖਿਆਲੀ ਸਮੂਹ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਸਕਦੇ ਹਨ ਪਰ ਸਾਨੂੰ ਚੁੱਪ ਨਹੀਂ ਕਰਵਾ ਸਕਦੇ।

ਚਲੋ ਅੱਜ ਰਾਤ 7:30 ਵਜੇ ਟਾਈਮਜ਼ ਸਕੁਏਅਰ ਵਿੱਚ ਦੀਵੇ ਜਗਾ ਕੇ ਸਾਡੇ ਰਾਮ ਜੀ ਦੇ ਜਸ਼ਨ ਮਨਾਈਏ।’’ ਅਮਰੀਕੀ-ਭਾਰਤੀ ਲੋਕ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਅਤੇ ਸਮਾਗਮ ਦੇ ਪ੍ਰਬੰਧਕ ਜਗਦੀਸ਼ ਸੇਵਹਾਨੀ ਨੇ ਦੱਸਿਆ ਕਿ ਅਯੁੱਧਿਆ ਦੇ ‘ਭੂਮੀ ਪੂਜਨ’ ਦਾ ਜਸ਼ਨ ਮਨਾਊਣ ਲਈ ਵੱਡੀ ਗਿਣਤੀ ਭਾਰਤੀ ਭਾਈਚਾਰਾ ਟਾਈਮਜ਼ ਸਕੁਏਅਰ ਵਿੱਚ ਰਵਾਇਤੀ ਪੁਸ਼ਾਕਾਂ ਪਹਿਨ ਕੇ ਇਕੱਤਰ ਹੋਇਆ ਅਤੇ ‘ਜੈ ਸ੍ਰੀ ਰਾਮ’ ਦਾ ਜਾਪ ਕਰਦਿਆਂ ਝੰਡੇ ਤੇ ਬੈਨਰ ਲਹਿਰਾੲੇ।

ਸੂਤਰਾਂ ਅਨੁਸਾਰ ਬਿੱਲਬੋਰਡ ਚਲਾਊਣ ਵਾਲੀ ਕੰਪਨੀ ਨੇ ਕਾਨੂੰਨੀ ਅੜਚਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਊਹ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਚਲਾ ਸਕਦੇ। ਸੂਤਰਾਂ ਨੇ ਇਹ ਵੀ ਕਿਹਾ ਕਿ ਇਹ ਤਸਵੀਰ ਸਿਆਸੀ ਨਹੀਂ ਸੀ। ਊਨ੍ਹਾਂ ਕਿਹਾ ਕਿ ਭਾਵੇਂ ਟਾਈਮਜ਼ ਸਕੁੲੇਅਰ ਵਿੱਚ ਪੂਰੇ ਦਿਨ ਦੀ ਬਜਾਏ ਭਗਵਾਨ ਰਾਮ ਦੀ ਤਸਵੀਰ ਕੇਵਲ ਚਾਰ ਘੰਟਿਆਂ ਲਈ ਪ੍ਰਦਰਸ਼ਿਤ ਕੀਤੀ ਗਈ ਪ੍ਰੰਤੂ ਫਿਰ ਵੀ ਇਹ ਆਪਣੇ-ਆਪ ਵਿੱਚ ਇਤਿਹਾਸਿਕ ਅਤੇ ਬੇਮਿਸਾਲ ਸੀ।

ਇਸੇ ਦੌਰਾਨ ਕੁਝ ਸੰਗਠਨਾਂ ਕੋਲੀਸ਼ਨ ਅਗੇਂਸਟ ਫਾਸਿਜ਼ਮ ਇਨ ਇੰਡੀਆ, ਹਿੰਦੂਜ਼ ਫਾਰ ਹਿਊਮਨ ਰਾਈਟਸ ਅਤੇ ਇੰਡੀਅਨ-ਅਮਰੀਕਨ ਮੁਸਲਿਮ ਕੌਂਸਲ ਨੇ ਬਿੱਲਬੋਰਡਾਂ ’ਤੇ ਭਗਵਾਨ ਰਾਮ ਅਦੇ ਮੰਦਰ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੇ ਜਾਣ ਦਾ ਵਿਰੋਧ ਕੀਤਾ। ਕੋਲੀਸ਼ਨ ਅਗੇਂਸਟ ਫਾਸਿਜ਼ਮ ਇਨ ਇੰਡੀਆ ਨੇ ਜਸ਼ਨਾਂ ਦੌਰਾਨ ਟਾਈਮਜ਼ ਸਕੁਏਅਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ।

Previous article16 port employees arrested over Beirut explosions
Next articleਕਰੋਨਾ ਪੀੜਤਾਂ ਨੇ ਦੱਖਣੀ ਆਸਟਰੇਲੀਆ ਸਰਕਾਰ ਦੀ ਚਿੰਤਾ ਵਧਾਈ