‘ਟਵੰਟੀ-ਟਵੰਟੀ’ ਬਿੱਲ ਖ਼ਿਲਾਫ਼ ਬਿਜਲੀ ਕਾਮਿਆਂ ’ਚ ਫੁੱਟਿਆ ‘ਰੋਹ ਦਾ ਲਾਵਾ’

ਬਠਿੰਡਾ (ਸਮਾਜਵੀਕਲੀ): ਬਿਜਲੀ ਕਾਮਿਆਂ ਵੱਲੋਂ ਇੱਥੇ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਕੇਂਦਰ ਤੇ ਰਾਜ ਸਰਕਾਰ ਵਿਰੁੱਧ ਬਾਹਵਾਂ ਅਤੇ ਗੁੱਟਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਵਿਖਾਵਾ ਕੀਤਾ ਗਿਆ। ਇਹ ਰੋਸ ਵਿਖਾਵਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਬਠਿੰਡਾ ਨੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰਸਿਟੀ ਐਂਪਲਾਈਜ਼ ਐਂਡ ਇੰਜਨੀਅਰਜ਼ ਦੇ ਸੱਦੇ ’ਤੇ ਕੀਤਾ।

ਜਥੇਬੰਦੀ ਦੇ ਪ੍ਰਧਾਨ ਗੁਰਸੇਵਕ ਸੰਧੂ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਬਿਜਲੀ ਐਕਟ-2020 ਦੇ ਸਬੰਧ ’ਚ ਕਿਹਾ ਕਿ ਇਹ ਬਿੱਲ ਪਾਸ ਹੋਣ ਨਾਲ ਬਿਜਲੀ ਬੋਰਡਾਂ ਦਾ ਥੋੜ੍ਹਾ ਬਚਿਆ ਵਜੂਦ ਵੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਐਕਟ-2020 ਨਾਲ ਬਿਜਲੀ ਪ੍ਰਬੰਧਾਂ ਦਾ ਸਮੁੱਚਾ ਨਿੱਜੀਕਰਨ ਹੋ ਜਾਵੇਗਾ।

ਪ੍ਰਾਈਵੇਟ ਬਿਜਲੀ ਕੰਪਨੀਆਂ 16 ਫੀਸਦ ਮੁਨਾਫ਼ਾ ਲੈ ਕੇ ਖ਼ਪਤਕਾਰਾਂ ਨੂੰ ਮਹਿੰਗੇ ਭਾਅ ਬਿਜਲੀ ਦੇਣਗੀਆਂ। ਕਰਮਚਾਰੀਆਂ ਤੋਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਲਿਆ ਜਾਵੇਗਾ। ਪੱਕੇ ਰੁਜ਼ਗਾਰ ਦੀ ਗਾਰੰਟੀ ਖਤਮ ਹੋ ਜਾਵੇਗੀ। ਬਿਜਲੀ ਦੇ ਰੇਟ ਪ੍ਰਾਈਵੇਟ ਕੰਪਨੀਆਂ ਤੈਅ ਕਰਨਗੀਆਂ। ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲ ਚਲੇ ਜਾਣਗੇ ਅਤੇ ਰਾਜ ਸਰਕਾਰਾਂ ਦੇ ਹੱਥ ਖਾਲੀ ਹੋਣਗੇ।

ਰੈਲੀ ਵਿੱਚ ਰਾਜਿੰਦਰ ਸਿੰਘ ਨਿੰਮਾ ਮੀਤ ਪ੍ਰਧਾਨ ਥਰਮਲ ਫੈਡਰੇਸ਼ਨ, ਸੁਖਵਿੰਦਰ ਸਿੰਘ ਕਿੱਲੀ ਪ੍ਰਧਾਨ ਜੀਐੱਚਟੀਪੀ ਐਂਪਲਾਈਜ਼ ਯੂਨੀਅਨ, ਰਘਬੀਰ ਸਿੰਘ ਸੈਣੀ, ਬਾਬੂ ਸਿੰਘ ਰੋਮਾਣਾ, ਇੰਜੀ. ਕਰਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਪਾਸ਼ਾ ਤੇ ਤੇਜਾ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Previous articleਸੂਬੇ ਦੇ ਮੁਲਾਜ਼ਮ ਬਿਜਲੀ ਸੋਧ ਬਿੱਲ ਵਿਰੁੱਧ ਨਿੱਤਰੇ
Next articleਮੁਲਕ ’ਚ ਰੇਲ ਸੇਵਾ ਅੰਸ਼ਕ ਤੌਰ ’ਤੇ ਬਹਾਲ