ਟਵਿੱਟਰ ਵੱਲੋਂ ਜੈਜ਼ੀ ਬੀ ਤੇ ਤਿੰਨ ਹੋਰਾਂ ਦੇ ਅਕਾਊਂਟ ਬੰਦ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਸਰਕਾਰ ਦੀ ਕਾਨੂੰਨੀ ਮੰਗ ’ਤੇ ਟਵਿੱਟਰ ਨੇ ਭਾਰਤ ਵਿਚ ਪੰਜਾਬੀ ਗਾਇਕ ਜੈਜ਼ੀ ਬੀ, ਹਿਪ-ਹੌਪ ਕਲਾਕਾਰ ਐਲ-ਫ੍ਰੈਸ਼ ਤੇ ਹੋਰਾਂ ਦੇ ਟਵਿੱਟਰ ਅਕਾਊਂਟ ਬਲੌਕ ਕਰ ਦਿੱਤੇ ਹਨ। ਟਵਿੱਟਰ ਨੂੰ ਜੈਜ਼ੀ ਦੇ ਅਕਾਊਂਟ ਬਾਰੇ ਭਾਰਤ ਸਰਕਾਰ ਵੱਲੋਂ ਬੇਨਤੀ ਛੇ ਜੂਨ ਨੂੰ ਮਿਲੀ ਸੀ। ਚਾਰ ਹੋਰ ਅਕਾਊਂਟ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਸੀ। ਟਵਿੱਟਰ ਨੂੰ ਸਰਕਾਰ ਵੱਲੋਂ ਮਿਲੀ ਬੇਨਤੀ ਲਿਊਮਨ ਡੇਟਾਬੇਸ ਨਾਂ ਦੇ ਇਕ ਖੋਜ ਪ੍ਰਾਜੈਕਟ ਉਤੇ ਪ੍ਰਕਾਸ਼ਿਤ ਕੀਤੀ ਗਈ ਹੈ।

ਜੈਜ਼ੀ ਦੇ ਅਕਾਊਂਟ ਨੂੰ ਖੋਲ੍ਹਣ ’ਤੇ ਉਸ ਉਤੇ ਲਿਖਿਆ ਆਉਂਦਾ ਹੈ ਕਿ ‘ਕਾਨੂੰਨੀ ਮੰਗ ਦੇ ਅਧਾਰ ’ਤੇ ਭਾਰਤ ਵਿਚ ਅਕਾਊਂਟ ਬਲੌਕ ਕੀਤਾ ਗਿਆ ਹੈ।’ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਜਦ ਵੀ ਕਾਨੂੰਨੀ ਅਧਾਰ ਉਤੇ ਕੋਈ ਬੇਨਤੀ ਆਉਂਦੀ ਹੈ ਤਾਂ ਉਸ ਨੂੰ ਟਵਿੱਟਰ ਆਪਣੇ ਨੇਮਾਂ ਉਤੇ ਸਥਾਨਕ ਕਾਨੂੰਨਾਂ ਦੇ ਹਿਸਾਬ ਨਾਲ ਦੇਖਦਾ ਹੈ ਤੇ ਕਾਰਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਟੈਂਟ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਨੂੰ ਹਟਾ ਦਿੱਤਾ ਜਾਂਦਾ ਹੈ। ਜੇ ਇਹੀ ਸਮੱਗਰੀ ਕਿਸੇ ਖੇਤਰ ਦੇ ਕਾਨੂੰਨੀ ਘੇਰੇ ਵਿਚ ਆਉਂਦੀ ਹੈ, ਪਰ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੁੰਦੀ ਤਾਂ ਪਲੈਟਫਾਰਮ ਭਾਰਤ ਵਿਚ ਅਕਾਊਂਟ ਬੰਦ ਕਰ ਸਕਦਾ ਹੈ।

ਬੁਲਾਰੇ ਨੇ ਕਿਹਾ ਕਿ ਸਾਰੇ ਕੇਸਾਂ ਵਿਚ ਅਕਾਊਂਟ ਧਾਰਕ ਨੂੰ ਈ-ਮੇਲ ਕਰ ਕੇ ਜਾਣੂ ਕਰਵਾ ਦਿੱਤਾ ਜਾਂਦਾ ਹੈ ਤਾਂ ਕਿ ਉਸ ਨੂੰ ਪਤਾ ਰਹੇ ਕਿ ਅਕਾਊਂਟ ਕਾਨੂੰਨੀ ਤੌਰ ’ਤੇ ਮਿਲੇ ਹੁਕਮ ਤੋਂ ਬਾਅਦ ਬੰਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੈਜ਼ੀ ਬੀ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਕਿਸਾਨਾਂ ਦੀ ਹਮਾਇਤ ਵਿਚ ਟਵੀਟ ਕਰਦੇ ਰਹੇ ਹਨ। ਇਸੇ ਸਾਲ ਭਾਰਤ ਵਿਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਟਵਿੱਟਰ ਨੇ 500 ਤੋਂ ਵੱਧ ਅਕਾਊਂਟ ਮੁਅੱਤਲ ਕੀਤੇ ਹਨ ਤੇ ਕਈਆਂ ਤੱਕ ਪਹੁੰਚ ਬਲੌਕ ਕਰ ਦਿੱਤੀ ਹੈ।

ਸਰਕਾਰ ਨੇ ਟਵਿੱਟਰ ਅਕਾਊਂਟ ਬੰਦ ਕਰਨ ਲਈ ਕਿਸਾਨ ਸੰਘਰਸ਼ ਨਾਲ ਜੁੜੀਆਂ ਗਲਤ ਸੂਚਨਾਵਾਂ ਤੇ ਭੜਕਾਊ ਕੰਟੈਂਟ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਟਵਿੱਟਰ ਤੇ ਕੇਂਦਰ ਸਰਕਾਰ ’ਚ ਵੱਖ-ਵੱਖ ਮੁੱਦਿਆਂ ’ਤੇ ਟਕਰਾਅ ਬਣਿਆ ਹੋਇਆ ਹੈ। ਸਰਕਾਰ ਨਵੇਂ ਆਈਟੀ ਨੇਮਾਂ ਦੀ ਪਾਲਣਾ ਕਰਨ ਬਾਰੇ ਸੋਸ਼ਲ ਮੀਡੀਆ ਕੰਪਨੀ ਨੂੰ ਚਿਤਾਵਨੀ ਵੀ ਦੇ ਚੁੱਕੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੀਡਨ ਦੀਆਂ ਰੱਖਿਆ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀਆਂ ਫਰਮਾਂ ਨੂੰ ਭਾਰਤ ’ਚ ਇਕਾਈਆਂ ਸਥਾਪਤ ਕਰਨ ਦਾ ਸੱਦਾ
Next articleਆਪਣੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਖੜ੍ਹਾਂਗਾ: ਜੈਜ਼ੀ