ਮੁੰਬਈ (ਸਮਾਜਵੀਕਲੀ) : ਫਾਦਰਜ਼ ਡੇਅ (21 ਜੂਨ) ਤੋਂ ਇੱਕ ਦਿਨ ਪਹਿਲਾਂ ਅੱਜ ਟਵਿੰਕਲ ਖੰਨਾ ਨੇ ਆਪਣੇ ਸੁਪਰਸਟਾਰ ਪਿਤਾ ਰਾਜੇਸ਼ ਖੰਨਾ ਨੂੰ ਯਾਦ ਕਰਦਿਆਂ ਆਪਣੀ ਵੈੱਬਸਾਈਟ ’ਤੇ ਇੱਕ ਲੰਬੀ ਪੋਸਟ ਪਾਈ ਹੈ। ਟਵਿੰਕਲ ਨੇ ਆਪਣੇ ਪਿਤਾ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਲਿਖਿਆ ਕਿ ਪਹਿਲੀ ਵਾਰ ਊਸ ਨੇ ਸ਼ਰਾਬ ਦਾ ਸਵਾਦ ਆਪਣੇ ਪਿਤਾ ਨਾਲ ਚਖਿਆ ਸੀ। ਊਸ ਨੇ ਰਾਜੇਸ਼ ਖੰਨਾ ਵਲੋਂ ਰਿਸ਼ਤਿਆਂ ਬਾਰੇ ਦਿੱਤੇ ਮਸ਼ਵਰੇ ਸਾਂਝੇ ਕੀਤੇ।
ਟਵਿੰਕਲ ਨੇ ਆਪਣੀ ਪੋਸਟ ਦੇ ਸ਼ੁਰੂ ਅਤੇ ਅਖੀਰ ਵਿੱਚ ਲਿਖਿਆ ਕਿ ਫਾਦਰਜ਼ ਡੇਅ ਭਾਵੇਂ ਕੱਲ੍ਹ ਹੈ ਪਰ ਊਸ ਦੇ ਲਈ ਫਾਦਰਜ਼ ਡੇਅ ਹਮੇਸ਼ਾ ਦਸੰਬਰ ਵਿੱਚ ਆਉਂਦਾ ਹੈ। ਆਪਣੇ ਪਿਤਾ ਦੇ 31ਵੇਂ ਜਨਮਦਿਨ ਮੌਕੇ 31 ਦਸੰਬਰ ਨੂੰ ਜਨਮੀ ਟਵਿੰਕਲ ਨੇ ਲਿਖਿਆ ਕਿ ਕਿਵੇਂ ਰਾਜੇਸ਼ ਖੰਨਾ ਨੇ ਊਸ ਊੱਪਰ ਕਦੇ ਵੀ ਪਾਬੰਦੀਆਂ ਨਹੀਂ ਲਗਾਈਆਂ ਸਨ ਅਤੇ ਹਮੇਸ਼ਾ ਆਪਣੀ ਮਰਜ਼ੀ ਦਾ ਜੀਵਨ ਜਿਊਣ ਲਈ ਊਤਸ਼ਾਹਿਤ ਕੀਤਾ ਸੀ। ਊਸ ਨੇ ਆਪਣੇ ਪਿਤਾ ਦੀਆਂ ਕੁਝ ਆਦਤਾਂ ਦਾ ਵੀ ਜ਼ਿਕਰ ਕੀਤਾ। ਰਾਜੇਸ਼ ਖੰਨਾ ਦਾ 18 ਜੁਲਾਈ, 2012 ਵਿਚ ਦੇਹਾਂਤ ਹੋ ਗਿਆ ਸੀ।