ਫਾਜ਼ਿਲਕਾ- ਟਰੱਕ ਆਪਰੇਟਰ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਆਗੂਆਂ ਦੇ ਖਿਲਾਫ਼ ਪੁਲੀਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ‘ਚ ਅੱਜ ਟਰੱਕ ਅਪਰੇਟਰਾਂ ਵੱਲੋਂ ਫਾਜ਼ਿਲਕਾ ਦੀ ਟਰੱਕ ਯੂਨੀਅਨ ਦੇ ਸਾਹਮਣੇ ਫਾਜ਼ਿਲਕਾ ਅਬੋਹਰ ਰੋਡ ’ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਆਵਾਜਾਈ ਠੱਪ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆ ਟਰੱਕ ਅਪਰੇਟਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਪੰਮਾ ਨੇ ਕਿਹਾ ਕਿ ਟਰੱਕ ਅਪਰੇਟਰਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਅਤੇ ਬਾਹਰ ਦੀਆਂ ਗੱਡੀਆਂ ਭਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਟਰੱਕ ਅਪਰੇਟਰ ਭੁੱਖੇ ਮਰ ਰਹੇ ਹਨ ਅਤੇ ਸ਼ੈਲਰਾਂ ਦੇ ਸੇਠ ਬਾਹਰ ਦੀਆਂ ਗੱਡੀਆਂ ਭਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਆਗੂਆਂ ਖਿਲਾਫ਼ ਕਾਂਗਰਸੀ ਪ੍ਰਧਾਨ ਰੰਜਮ ਕਾਮਰਾ ਅਤੇ ਅਨੂ ਧੂੜੀਆ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ। ਬਲਦੇਵ ਸਿੰਘ ਸੁੱਖਾ ਵਾਇਸ ਚੇਅਰਮੈਨ ਬਲਾਕ ਸਮਿਤੀ ਫਾਜ਼ਿਲਕਾ ਨੇ ਕਿਹਾ ਕਿ ਉਨ੍ਹਾਂ ਦੀ ਚਾਰ ਦਿਨ ਪਹਿਲਾਂ ਅਨੂ ਧੂੜੀਆ ਨਾਲ ਗੱਲ ਹੋਈ ਸੀ, ਪਰ ਹੁਣ ਅਨੂ ਧੂੜੀਆ ਨੇ ਰੰਜਮ ਕਾਮਰਾ ਨਾਲ ਮਿਲੀਭੁਗਤ ਕਰਕੇ ਸ਼ੈਲਰ ਐਸੋਸੀਏਸ਼ਨ ਨੂੰ ਸੁਨੀਲ ਜਾਖੜ ਕੋਲ ਲੈ ਗਏ ਅਤੇ ਉਨ੍ਹਾਂ ਅਤੇ ਪ੍ਰਧਾਨ ਪਰਮਜੀਤ ਪੰਮਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਰੰਜ਼ਮ ਕਾਮਰਾ ਵਿਧਾਇਕ ਘੁਬਾਇਆ ਗਰੁੱਪ ਨੂੰ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਘੁਬਾਇਆ ਨੇ ਐਸਐਸਪੀ ਅਤੇ ਡੀਐਸਪੀ ਨਾਲ ਗੱਲਬਾਤ ਕੀਤੀ ਸੀ,ਪਰ ਰੰਜ਼ਮ ਕਾਮਰਾ ਗਰੁੱਪ ਨੇ ਮੁੱਖ ਮੰਤਰੀ ਦਫ਼ਤਰ ਤੋਂ ਕਹਿ ਕੇ ਕਾਰਵਾਈ ਕਰਵਾਈ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਦਰਜ ਕੇਸ ਰੱਦ ਕਰਵਾਇਆ ਜਾਵੇ ਅਤੇ ਕਾਂਗਰਸ ਨੂੰ ਖ਼ਤਮ ਕਰਨ ਵਾਲੇ ਕਾਂਗਰਸੀ ਆਗੂਆਂ ‘ਤੇ ਰੋਕ ਲਗਾਈ ਜਾਵੇ।
ਇਸ ਸਬੰਧੀ ਜਦੋਂ ਫ਼ਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਜਦੋਂ ਇਹ ਦੱਸਿਆ ਗਿਆ ਕਿ ਜ਼ਿਲ੍ਹਾ ਕਾਂਗਰਸੀ ਪ੍ਰਧਾਨ ’ਤੇ ‘ਟਰੱਕ ਅਪਰੇਟਰਾਂ’ ਵੱਲੋਂ ਨਾਜਾਇਜ਼ ਪਰਚੇ ਦਰਜ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਹਾਂ ਵਿੱਚ ਜਵਾਬ ਦਿੰਦਿਆਂ ਤੁਰੰਤ ਫੋਨ ਕੱਟ ਦਿੱਤਾ ਅਤੇ ਦੁਬਾਰਾ ਫੋਨ ਗਨਮੈਨ ਨੇ ਅਟੈਂਡ ਕਰ ਕੇ ਕਿਹਾ ਕਿ ਸੀਐਮ ਨਾਲ ਦੁਬਾਰਾ ਫਿਰ ਮੀਟਿੰਗ ‘ਚ ਚਲੇ ਗਏ ਹਨ।
INDIA ਟਰੱਕ ਅਪਰੇਟਰਾਂ ਨੇ ਕਾਂਗਰਸੀ ਪ੍ਰਧਾਨ ਖਿ਼ਲਾਫ਼ ਜਾਮ ਲਾਇਆ