ਟਰੰਪ ਵੱਲੋਂ 52 ਇਰਾਨੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਧਮਕੀ

* ਸੁਲੇਮਾਨੀ ਦੀ ਮੌਤ ਨਾਲ ਅਮਰੀਕਾ-ਇਰਾਨ ਦਰਮਿਆਨ ਤਲਖ਼ੀ ਸਿਖਰ ’ਤੇ ਪੁੱਜੀ
ਵਾਸ਼ਿੰਗਟਨ– ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਹਿਰਾਨ ਨੇ ਆਪਣੇ ਸਿਖਰਲੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਉਹ ਇਰਾਨ ਵਿੱਚ 52 ਸੰਭਾਵੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ, ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਬ਼ਗਦਾਦ ਹਵਾਈ ਅੱਡੇ ਦੇ ਬਾਹਰ ਅਮਰੀਕੀ ਡਰੋਨ ਹਮਲੇ ’ਚ ਸੁਲੇਮਾਨੀ ਸਮੇਤ ਇਰਾਕ ਦੀ ਤਾਕਤਵਰ ਨੀਮ ਫੌਜੀ ਬਲ ਹਾਸ਼ਿਦ ਅਲ-ਸ਼ਾਬੀ ਦਾ ਉਪ ਮੁਖੀ ਵੀ ਮਾਰਿਆ ਗਿਆ ਸੀ। ਸੁਲੇਮਾਨੀ ਦੀ ਮੌਤ ਨਾਲ ਦੋਵਾਂ ਮੁਲਕਾਂ ’ਚ ਰਿਸ਼ਤਿਆਂ ’ਚ ਪਹਿਲਾਂ ਤੋਂ ਚੱਲ ਰਹੀ ਤਲਖੀ ਸਿਖਰ ’ਤੇ ਪੁੱਜ ਗਈ ਹੈ। ਅਮਰੀਕੀ ਸਦਰ ਨੇ ਸ਼ਨਿੱਚਰਵਾਰ ਰਾਤ ਨੂੰ ਕੀਤੇ ਇਕ ਟਵੀਟ ’ਚ ਚੇਤਾਵਨੀ ਦਿੱਤੀ ਕਿ ਜੇਕਰ ਇਸਲਾਮਿਕ ਗਣਰਾਜ (ਇਰਾਨ) ਨੇ ਅਮਰੀਕੀ ਅਮਲੇ ਜਾਂ ਅਸਾਸਿਆਂ ’ਤੇ ਹਮਲਾ ਕੀਤਾ ਤਾਂ ਇਰਾਨ ਤੇ ਇਰਾਨੀ ਸਭਿਆਚਾਰ ਦੇ ਅਹਿਮ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਟਰੰਪ ਨੇ ਟਵੀਟ ਕੀਤਾ, ‘ਇਰਾਨ ਆਪਣੇ ਦਹਿਸ਼ਤੀ ਆਗੂ, ਜਿਸ ਨੇ ਅਜੇ ਪਿੱਛੇ ਜਿਹੇ ਸਾਡੇ ਇਕ ਅਮਰੀਕੀ ਨੂੰ ਮਾਰ ਮੁਕਾਇਆ ਸੀ ਤੇ ਕਈ ਹੋਰਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਦੀ ਮੌਤ ਦਾ ਬਦਲਾ ਲੈਣ ਦੀਆਂ ਬੜੇ ਧੜੱਲੇ ਨਾਲ ਅਮਰੀਕੀ ਅਸਾਸਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਕਰ ਰਿਹੈ।’ ਟਰੰਪ ਨੇ ਕਿਹਾ ਕਿ ਇਸ ਨੂੰ ਚੇਤਾਵਨੀ ਸਮਝਿਆ ਜਾਵੇ ਕਿ ਜੇਕਰ ਇਰਾਨ ਨੇ ਅਮਰੀਕੀਆਂ ਜਾਂ ਅਮਰੀਕੀ ਅਸਾਸਿਆਂ ’ਤੇ ਹਮਲਾ ਕੀਤਾ ਤਾਂ ਉਹ ਨਿਸ਼ਾਨਦੇਹੀ ਵਾਲੇ ਇਰਾਨ ਦੇ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਗੇ। ਕਾਬਿਲੇਗੌਰ ਹੈ ਕਿ 52 ਦਾ ਇਹ ਅੰਕੜਾ ਇਰਾਨ ਵੱਲੋਂ ਕਈ ਸਾਲ ਪਹਿਲਾਂ 52 ਅਮਰੀਕੀਆਂ ਨੂੰ ਅਗਵਾ ਕੀਤੇ ਜਾਣ ਦੀ ਨੁਮਾਇੰਦਗੀ ਕਰਦਾ ਹੈ।
ਅਮਰੀਕਾ ਤੇ ਇਰਾਨ ਵਿੱਚ ਵਧਦੀ ਤਲਖੀ ਦਰਮਿਆਨ ਅਫ਼ਗ਼ਾਨਿਸਤਾਨ ਮਗਰੋਂ ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੀ ਧਰਤੀ ਕਿਸੇ ਦੂਜੇ ਖ਼ਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਪਾਕਿ ਥਲ ਸੈਨਾ ਦੇ ਤਰਜਮਾਨ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਪਾਕਿਸਤਾਨ ਨਾ ਤਾਂ ਕਿਸੇ ਦੀ ਧਿਰ ਬਣੇਗਾ ਤੇ ਨਾ ਹੀ ਕਿਸੇ ਦਾ ਪੱਖ ਲਏਗਾ, ਬਲਕਿ ਸਿਰਫ਼ ਤੇ ਸਿਰਫ਼ ਅਮਨ ਦਾ ਭਾਈਵਾਲ ਬਣੇਗਾ।’ ਇਸ ਦੌਰਾਨ ਇਰਾਕ ਨੇ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਕੋਲ ਅਮਰੀਕੀ ਡਰੋਨ ਹਮਲੇ ਦੀ ਸ਼ਿਕਾਇਤ ਕੀਤੀ ਹੈ।

Previous articleIndia talks to key players involved in the Gulf crisis
Next articleShia protest in Kanpur, Sikhs in Lucknow