ਮੈਕਸਿਕੋ ਸਰਹੱਦ ’ਤੇ ਦੀਵਾਰ ਦੀ ਉਸਾਰੀ ਲਈ ਪ੍ਰਸਤਾਵਿਤ ਫੰਡ ਨਾਲ ਸਹਿਮਤੀ ਨਾ ਜਤਾਏ ਜਾਣ ਮਗਰੋਂ ਡੈਮੋਕਰੈਟ, ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਐਮਰਜੈਂਸੀ ਨੂੰ ਹਟਵਾਉਣ ’ਚ ਨਾਕਾਮ ਰਹੇ ਹਨ। ਉਹ ਪ੍ਰਤੀਨਿਧ ਸਭਾ ’ਚ ਦੋ ਤਿਹਾਈ ਬਹੁਮਤ ਜੁਟਾਉਣ ’ਚ ਨਾਕਾਮ ਰਹੇ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਐਮਰਜੈਂਸੀ ਖ਼ਿਲਾਫ਼ ਵੋਟ ਪਾਈ ਸੀ ਪਰ ਟਰੰਪ ਨੇ ਉਸ ਨੂੰ ਵੀਟੋ ਕਰ ਦਿੱਤਾ ਸੀ। ਐਮਰਜੈਂਸੀ ਦਾ ਮਾਮਲਾ ਹੁਣ ਅਦਾਲਤਾਂ ’ਚ ਨਜਿੱਠਿਆ ਜਾਵੇਗਾ। ਸੈਨੇਟ ’ਚ ਵੋਟਿੰਗ ਮੰਗਲਵਾਰ ਨੂੰ ਹੋਈ ਅਤੇ ਦੋਵੇਂ ਪਾਰਟੀਆਂ ਨੇ ਆਪਣੀਆਂ ਨਜ਼ਰਾਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਤੇ ਟਿਕਾ ਲਈਆਂ ਹਨ ਜਿਸ ’ਚ ਵਾਤਾਵਰਨ ਅਤੇ ਸਿਹਤ ਸੰਭਾਲ ਦੇ ਮੁੱਦੇ ਭਾਰੂ ਰਹਿਣ ਦੀ ਸੰਭਾਵਨਾ ਹੈ। ਸੈਨੇਟ ’ਚ ਡੈਮੋਕਰੈਟਿਕ ਪਾਰਟੀ ਵੱਲੋਂ ਪੇਸ਼ ਵਾਤਾਵਰਨ ਪਰਿਵਰਤਨ ਬਾਰੇ ਪੇਸ਼ ਮਤਾ ਡਿੱਗ ਗਿਆ ਅਤੇ ਉਸ ਦੇ ਹਮਾਇਤੀ ਵੀ ਵੋਟਿੰਗ ਤੋਂ ਦੂਰ ਰਹੇ। ਟਰੰਪ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਦੁਪਹਿਰ ਦਾ ਭੋਜਨ ਕੀਤਾ ਅਤੇ ਦੱਸਿਆ ਕਿ ਸਿਹਤ ਸੰਭਾਲ ਦਾ ਮੁੱਦਾ ਹੁਣ ਪ੍ਰਾਥਮਿਕਤਾ ’ਤੇ ਰਹੇਗਾ। ਆਪਣੇ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹ ਓਬਾਮਾ ਕੇਅਰ ਦੀ ਥਾਂ ’ਤੇ ਵਧੀਆ ਸਿਹਤ ਸੰਭਾਲ ਪ੍ਰੋਗਰਾਮ ਲਿਆਉਣਗੇ ਪਰ ਉਹ ਅਜੇ ਤਕ ਇਸ ਦਾ ਕੋਈ ਬਦਲ ਨਹੀਂ ਲਿਆ ਸਕੇ ਹਨ। ਸਪੀਕਰ ਨੈਨਸੀ ਪੇਲੋਸੀ ਨੇ ਨਵੇਂ ਸਿਹਤ ਸੰਭਾਲ ਬਿੱਲ ਬਾਰੇ ਆਪਣੀ ਪਾਰਟੀ ਦਾ ਨਜ਼ਰੀਆ ਦੱਸਿਆ ਅਤੇ ਕਿਹਾ ਕਿ ਇਸ ਨਾਲ ਬੀਮੇ ਦਾ ਪ੍ਰੀਮੀਅਮ ਘਟੇਗਾ ਅਤੇ ਹੋਰ ਸ਼ਰਤਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
World ਟਰੰਪ ਵੱਲੋਂ ਲਾਗੂ ਐਮਰਜੈਂਸੀ ਦਾ ਤੋੜ ਨਹੀਂ ਲੱਭ ਸਕੇ ਡੈਮੋਕਰੈਟ