ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਮੰਗਲਵਾਰ ਨੂੰ ਹੋਣ ਵਾਲੀ ਆਪਣੀ ਪਹਿਲੀ ਚੋਣ ਬਹਿਸ ਦੌਰਾਨ ਨਾ ਤਾਂ ਹੱਥ ਮਿਲਾਉਣਗੇ ਤੇ ਨਾ ਹੀ ਦੋਵਾਂ ਦੀਆਂ ਕੂਹਣੀਆਂ ਇਕ-ਦੂਜੇ ਨਾਲ ਖ਼ਹਿਣਗੀਆਂ। ਅਜਿਹਾ ਕੋਵਿਡ-19 ਦੇ ਮੱਦੇਨਜ਼ਰ ਇਹਤਿਆਤ ਵਜੋਂ ਕੀਤਾ ਜਾ ਰਿਹਾ ਹੈ।
90 ਮਿੰਟ ਲੰਮੀ ਬਹਿਸ ਕਲੀਵਲੈਂਡ ਕਲੀਨਿਕ ਦੇ ਕੈਂਪਸ ਤੇ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ, ਆਇਓਵਾ ਵਿਚ ਹੋਵੇਗੀ। ਸੂਤਰਾਂ ਮੁਤਾਬਕ ਟਰੰਪ, ਬਾਇਡਨ ਤੇ ਬਹਿਸ ਦਾ ਸੰਚਾਲਨ ਕਰਨ ਵਾਲੇ ‘ਫੌਕਸ ਨਿਊਜ਼’ ਦੇ ਮੇਜ਼ਬਾਨ ਕ੍ਰਿਸ ਵੈਲੇਸ ਮਾਸਕ ਨਹੀਂ ਪਾਉਣਗੇ। ਇਸ ਮੌਕੇ 75-80 ਲੋਕ ਹੀ ਹਾਜ਼ਰ ਹੋਣਗੇ ਤੇ ਪਹਿਲਾਂ ਕਰੋਨਾਵਾਇਰਸ ਦਾ ਟੈਸਟ ਕੀਤਾ ਜਾਵੇਗਾ। ਟਰੰਪ ਸੱਜੇ ਖੜਨਗੇ ਤੇ ਪਹਿਲਾ ਸਵਾਲ ਉਨ੍ਹਾਂ ਨੂੰ ਕੀਤਾ ਜਾਵੇਗਾ। ਸਾਬਕਾ ਉਪ ਰਾਸ਼ਟਰਪਤੀ ਬਾਇਡਨ ਖੱਬੇ ਖੜਨਗੇ।