ਟਰੰਪ ਪ੍ਰਸ਼ਾਸਨ ਵਲੋਂ ਐੱੱਚ-1ਬੀ, ਐੱਲ-1 ’ਚ ਛੋਟਾਂ

ਵਾਸ਼ਿੰਗਟਨ (ਸਮਾਜ ਵੀਕਲੀ) : ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਅਤੇ ਐੱਲ-1 ਵੀਜ਼ਾ ਸਬੰਧੀ ਪਾਬੰਦੀਆਂ ’ਚ ਕੁਝ ਛੋਟਾਂ ਦਿੱਤੀਆਂ ਹਨ। ਇਹ ਛੋਟਾਂ ਆਪਣੇ ਪੁਰਾਣੇ ਰੁਜ਼ਗਾਰਦਾਤੇ ਕੋਲ ਰੁਜ਼ਗਾਰ ਜਾਰੀ ਰੱਖਣ ਵਾਲਿਆਂ ’ਤੇ ਲਾਗੂ ਹੋਣਗੀਆਂ। ਇਸ ਕਦਮ ਨਾਲ ਅਮਰੀਕਾ ਵਿੱਚ ਆਈਟੀ ਅਤੇ ਸਿਹਤ ਸੈਕਟਰ ਵਿੱਚ ਕੰਮ ਕਰਦੇ ਕੁਝ ਭਾਰਤੀਆਂ ਨੂੰ ਰਾਹਤ ਮਿਲੇਗੀ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਜੂਨ ਵਿੱਚ ਐੱਚ-1ਬੀ ਸਣੇ ਕਈ ਵੀਜ਼ਾ ਸ਼੍ਰੇਣੀਆਂ ਨਾਲ ਸਬੰਧਤ ਪਰਵਾਸੀਆਂ ਦੇ ਅਮਰੀਕਾ ਦਾਖ਼ਲੇ ’ਤੇ ਪਾਬੰਦੀ ਲਾਉਂਦਿਆਂ ਤਰਕ ਦਿੱਤਾ ਸੀ ਕਿ ਇਹ ਅਮਰੀਕੀਆਂ ਦੀਆਂ ਨੌਕਰੀਆਂ ਖਾਂਦੇ ਹਨ। ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਅਮਰੀਕਾ ’ਚ ਦਾਖ਼ਲੇ ਸਬੰਧੀ ਸੋਧੀ ਹੋਈ ਸਲਾਹ ਜਾਰੀ ਕਰਦਿਆਂ ਕਿਹਾ ਕਿ ਇਹ ਛੋਟਾਂ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀਆਂ ਗਈਆਂ ਹਨ।

ਵਿਦੇਸ਼ ਵਿਭਾਗ ਨੇ ਦੱਸਿਆ ਕਿ ਹੁਣ ਐੱਚ-1ਬੀ ਅਤੇ ਐੱਲ-1 ਵੀਜ਼ਾ ਅਜਿਹੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਜਾ ਸਕਣਗੇ, ਜੋ ‘ਅਮਰੀਕਾ ਵਿੱਚ ਆਪਣਾ ਰੁਜ਼ਗਾਰ ਉਸੇ ਰੁਜ਼ਗਾਰਦਾਤੇ (ਕੰਪਨੀ) ਕੋਲ ਤੇ ਉਸੇ ਵੀਜ਼ਾ ਸ਼੍ਰੇਣੀ ਵਿੱਚ, ਉਸੇ ਅਹੁਦੇ ’ਤੇ ਜਾਰੀ ਰੱਖਣਾ ਚਾਹੁੰਦੇ ਹਨ। ਮੌਜੂਦਾ ਮੁਲਾਜ਼ਮਾਂ ਦੀ ਥਾਂ ’ਤੇ ਜਬਰੀ ਹੋਰ ਮੁਲਾਜ਼ਮ ਰੱਖਣ ਨਾਲ ਰੁਜ਼ਗਾਰਦਾਤਿਆਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਿਹਤ ਸੈਕਟਰ, ਵਿਸ਼ੇਸ਼ ਤੌਰ ’ਤੇ ਕੋਵਿਡ-19 ਮਹਾਮਾਰੀ ਨਾਲ ਸਬੰਧਤ, ਜਾਂ ਮੈਡੀਕਲ ਖੋਜ ਖੇਤਰ ਵਿੱਚ ਕੰਮ ਕਰੇ ਰਹੇ ਸਾਰੇ ਐੱਚ-1ਬੀ ਵੀਜ਼ਾਧਾਰਕਾਂ ਨੂੰ ਵੀ ਸਫ਼ਰ ਸਬੰਧੀ ਪਾਬੰਦੀ ਤੋਂ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਪੰਜ ਸ਼ਰਤਾਂ ਰੱਖੀਆਂ ਗਈਆਂ ਹਨ , ਜਿਨ੍ਹਾਂ ’ਚੋਂ ਕੋਈ ਦੋ ਪੂਰੀਆਂ ਕਰਨ ਵਾਲਿਆਂ ਨੂੰ ਵੀ ਐੱਚ-1ਬੀ ਜਾਰੀ ਕੀਤਾ ਜਾਵੇਗਾ।

Previous articleAustralia to cut university fee support for failing students
Next articleਦਾਦੂਵਾਲ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ