ਜੰਮੂ ਕਸ਼ਮੀਰ ਦੇ ਘਟਨਾਕ੍ਰਮ ਦੇ ਸੰਦਰਭ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਦੋਵਾਂ ਮੁਲਕਾਂ ਦੇ ਸਿਖਰਲੇ ਆਗੂਆਂ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਸੰਬੋਧਨ ਨੂੰ ਲੈ ਕੇ ਉਤਸੁਕਤਾ ਦਾ ਮਾਹੌਲ ਹੈ। ਕਸ਼ਮੀਰ ਮਸਲੇ ਦੇ ਹੱਲ ਲਈ ਦੋਵਾਂ ਮੁਲਕਾਂ ਨੂੰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਇਸ ਮੁੱਦੇ ਨੂੰ ਮੁੜ ਛੇੜਿਆ ਹੈ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਸਿਖਰਲੇ ਆਗੂਆਂ ਨਾਲ ਮੁਲਾਕਾਤਾਂ ਦੌਰਾਨ ਕਸ਼ਮੀਰ ਬਾਰੇ ਚਰਚਾ ਕੀਤੀ ਸੀ ਅਤੇ ਇਸ ਮੁੱਦੇ ’ਤੇ ਦੋਵੇਂ ਗੁਆਂਢੀਆਂ ਨੂੰ ਮਦਦ ਲਈ ‘ਵਿਚੋਲਗੀ’ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ। ਟਰੰਪ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਗਲਵਾਰ ਨੂੰ ਮੁਲਾਕਾਤ ਤੋਂ ਅਗਲੇ ਦਿਨ ਆਇਆ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਵੱਖਰੇ ਤੌਰ ’ਤੇ ਹੋਈ ਇਸ ਮੀਟਿੰਗ ਵਿੱਚ ਦੋਵਾਂ ਆਗੂਆਂ ਨੇ ਪਾਕਿਸਤਾਨ ਵਲੋਂ ਪੈਦਾ ਹੋ ਰਹੇ ਅਤਿਵਾਦ ਸਬੰਧੀ ਮੁੱਦਿਆਂ ਅਤੇ ਭਾਰਤ-ਅਮਰੀਕਾ ਦੁਵੱਲੇ ਵਪਾਰ ’ਤੇ ਚਰਚਾ ਕੀਤੀ ਸੀ। ਭਾਰਤ ਆਪਣੇ ਸਟੈਂਡ ’ਤੇ ਬਰਕਰਾਰ ਹੈ ਕਿ ਕਸ਼ਮੀਰ ਦੁਵੱਲਾ ਮਸਲਾ ਹੈ ਅਤੇ ਕਿਸੇ ਵੀ ਤੀਜੀ ਧਿਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਦੂਜੇ ਪਾਸੇ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਦੀਆਂ ਭਾਰਤ ਅਤੇ ਪਾਕਿਸਤਾਨ ਦੇ ਆਗੂਆਂ ਨਾਲ ਮੁਲਾਕਾਤਾਂ ‘ਬਹੁਤ ਲਾਭਕਾਰੀ’ ਰਹੀਆਂ। ਟਰੰਪ ਨੇ ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਹੀ ਚੌਥੀ ਵਾਰ ਸਾਲਸੀ ਦੀ ਪੇਸ਼ਕਸ਼ ਕਰਦਿਆਂ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਨਾਲ ਅਸੀਂ ਕਸ਼ਮੀਰ ਬਾਰੇ ਗੱਲਬਾਤ ਕੀਤੀ। ਮੈਂ ਜੋ ਵੀ ਮਦਦ ਕਰ ਸਕਾਂ, ਮੈਂ ਉਸ ਦੀ ਪੇਸ਼ਕਸ਼ ਕੀਤੀ, ਭਾਵੇਂ ਉਹ ਸਾਲਸੀ ਹੋਵੇ ਜਾਂ ਵਿਚੋਲਗੀ ਜਾਂ ਕੁਝ ਹੋਰ।’’ ਉਨ੍ਹਾਂ ਅੱਗੇ ਕਿਹਾ, ‘‘ਦੋਵਾਂ ਮੁਲਕਾਂ ਦੀ ਅਗਵਾਈ ਕਰਦੇ ਦੋਵੇਂ ਆਗੂ ਮੇਰੇ ਚੰਗੇ ਮਿੱਤਰ ਹਨ। ਮੈਂ ਕਿਹਾ, ਸਾਥੀਓ ਇਸ ਮਸਲੇ ਨੂੰ ਹੱਲ ਕਰਦੇ ਹਾਂ। ਉਹ ਦੋਵੇਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਮੁਲਕ ਹਨ, ਇਸ ਕਰ ਕੇ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ।’’
ਟਰੰਪ ਦੀਆਂ ਟਿੱਪਣੀਆਂ ਬਾਰੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੂੰ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਭਾਰਤ ਦਾ ਸਟੈਂਡ ‘ਬਹੁਤ ਸਪੱਸ਼ਟ’ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਸ ਬਾਰੇ ਪ੍ਰਧਾਨ ਮੰਤਰੀ ਪਹਿਲਾਂ ਵੀ ਬਿਆਨ ਦੇ ਚੁੱਕੇ ਹਨ। ਮੰਗਲਵਾਰ ਨੂੰ ਵਿਦੇਸ਼ ਸਕੱਤਰ ਨੇ ਵੀ ਬਿਆਨ ਦਿੱਤਾ ਸੀ, ਸਾਡਾ ਉਹੀ ਸਟੈਂਡ ਹੈ।’’ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਮੋਦੀ-ਟਰੰਪ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ‘‘ਅਸੀਂ ਪਾਕਿਸਤਾਨ ਨਾਲ ਗੱਲ ਕਰਨ ਤੋਂ ਨਹੀਂ ਝਿਜਕਦੇ। ਪਰ ਇਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਕੁਝ ਠੋਸ ਕਦਮ ਚੁੱਕੇ ਪਰ ਸਾਨੂੰ ਪਾਕਿਸਤਾਨ ਵਲੋਂ ਕੋਈ ਕੋਸ਼ਿਸ਼ ਨਜ਼ਰ ਨਹੀਂ ਆ ਰਹੀ।’’
HOME ਟਰੰਪ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿ ਨੂੰ ਸਾਲਸੀ ਦੀ ਮੁੜ...