ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਮੁੱਦੇ ’ਤੇ ਭਾਰਤ ਬਾਰੇ ਬਿਆਨਬਾਜ਼ੀ ਕਰਨ ਸਮੇਂ ਇਹਤਿਆਤ ਰੱਖਣ ਲਈ ਕਿਹਾ ਹੈ। ਟਰੰਪ ਨੇ ਦੋਵਾਂ ਧਿਰਾਂ ਨੂੰ ਸੰਜਮ ਰੱਖਣ ਤੇ ਖੇਤਰ ਵਿੱਚ ਵਿਗੜੀ ਸਥਿਤੀ ਨੂੰ ਸੁਧਾਰਨ ’ਤੇ ਜ਼ੋਰ ਦਿੱਤਾ। ਟਰੰਪ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਨਾਲ ’ਤੇ ਗੱਲ ਕੀਤੀ ਤੇ ਕਸ਼ਮੀਰ ਮਸਲੇ ’ਤੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਬਾਰੇ ਜਾਣਕਾਰੀ ਹਾਸਲ ਕੀਤੀ। ਮੋਦੀ ਤੇ ਖਾਨ ਨਾਲ ਗੱਲਬਾਤ ਮਗਰੋਂ ਟਰੰਪ ਨੇ ਟਵੀਟ ਕੀਤਾ, ‘ਆਪਣੇ ਦੋ ਚੰਗੇ ਦੋਸਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨਾਲ ਕਾਰੋਬਾਰ, ਕੂਟਨੀਤਕ ਭਾਈਵਾਲੀ ਅਤੇ ਖਾਸ ਤੌਰ ’ਤੇ ਭਾਰਤ-ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ਨੂੰ ਲੈ ਕੇ ਪੈਦਾ ਹੋਈ ਸਥਿਤੀ ਬਾਰੇ ਗੱਲ ਕੀਤੀ।’ ਉਨ੍ਹਾਂ ਕਿਹਾ, ‘ਇਹ ਕਸੂਤੀ ਸਥਿਤੀ ਹੈ, ਪਰ ਚੰਗੀ ਗੱਲਬਾਤ ਹੋਈ।’ ਵ੍ਹਾਈਟ ਹਾਊਸ ਦੇ ਪ੍ਰਿੰਸੀਪਲ ਡਿਪਟੀ ਪ੍ਰੈੱਸ ਸਕੱਤਰ ਹੌਗਨ ਗਿਡਲੇ ਨੇ ਕਿਹਾ ਕਿ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਖੇਤਰ ’ਚ ਬਣੀ ਸਥਿਤੀ ਬਾਰੇ ਜਾਣਕਾਰੀ ਲਈ। ਸ੍ਰੀ ਮੋਦੀ ਨੇ ਗੱਲਬਾਤ ਦੌਰਾਨ ਪਾਕਿਸਤਾਨੀ ਆਗੂਆਂ ਵੱਲੋਂ ਭਾਰਤ ਬਾਰੇ ਕੀਤੀ ਜਾ ਰਹੀ ਭੜਕਾਊ ਬਿਆਨਬਾਜ਼ੀ ਕਰਨ ਦਾ ਮੁੱਦਾ ਚੁੱਕਿਆ। ਟਰੰਪ ਨੇ ਦੋਵਾਂ ਮੁਲਕਾਂ ਵਿਚਾਲੇ ਆਰਥਿਕ, ਕਾਰੋਬਾਰੀ ਸਮਝੌਤੇ ਮਜ਼ਬੂਤ ਕਰਨ ਬਾਰੇ ਗੱਲਬਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਇਮਰਾਨ ਖਾਨ ਨੇ ਭਾਰਤ ਸਰਕਾਰ ਨੂੰ ਫਾਸ਼ੀਵਾਦੀ ਕਿਹਾ ਸੀ। ਵ੍ਹਾਈਟ ਹਾਊਸ ਨੇ ਦੱਸਿਆ ਕਿ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਮੁੱਦੇ ’ਤੇ ਭਾਰਤ ਬਾਰੇ ਬਿਆਨਬਾਜ਼ੀ ਕਰਨ ਸਮੇਂ ਸੰਜਮ ਵਰਤਣ ਨੂੰ ਕਿਹਾ ਹੈ। ਗੱਲਬਾਤ ਦੌਰਾਨ ਟਰੰਪ ਨੇ ਦੋਵਾਂ ਧਿਰਾਂ ਨੂੰ ਹਾਲਾਤ ਸੁਧਾਰਨ ਲਈ ਉਤਸ਼ਾਹਿਤ ਕੀਤਾ।
HOME ਟਰੰਪ ਨੇ ਇਮਰਾਨ ਖ਼ਾਨ ਨੂੰ ਭਾਰਤ ਬਾਰੇ ਗਲਤ ਬਿਆਨਬਾਜ਼ੀ ਤੋਂ ਵਰਜਿਆ